ਮੋਗਾ, 4 ਜੂਨ (ਸੁਰਿੰਦਰਪਾਲ ਸਿੰਘ)-ਨੀਲਮ ਅਰੋੜਾ ਮਾਣਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਪਰਸਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਮੋਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਨੂੰਨੀ ਸੇਵਾਵਾਂ ਅਥਾਰਿਟੀ (ਅਮੈਂਡਮੈਂਟ ਐਕਟ) 2002 ਅਨੁਸਾਰ ਮੋਗਾ ਵਿਖੇ ਜ਼ਿਲ੍ਹਾ ਪੱਧਰ ‘ਤੇ ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ) ਚੱਲ ਰਹੀ ਹੈ, ਜੋ ਕਿ ਡਾ. ਅੰਬੇਡਕਰ ਭਵਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫ਼ਿਰੋਜ਼ਪੁਰ ਜੀ.ਟੀ. ਰੋਡ ਮੋਗਾ ਵਿਖੇ ਕੰਮ ਕਰ ਰਹੀ ਹੈ, ਜੋ ਕਿ ਰੋਜ਼ਾਨਾ ਦਫ਼ਤਰੀ ਕੰਮਕਾਜ ਵਾਲੇ ਦਿਨ ਕੰਮ ਕਰਦੀ ਹੈ। ਉਨ੍ਹਾਂ ਦੱਸਿਆ ਕਿ ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ) ਵਿਚ ਬਿਜਲੀ ਸੇਵਾਵਾਂ, ਪਾਣੀ ਦੀ ਸਪਲਾਈ ਅਤੇ ਸੀਵਰੇਜ ਵਿਭਾਗ ਸਬੰਧੀ, ਕੁਦਰਤੀ ਸਾਧਨਾਂ ਦੀ ਸੁਰੱਖਿਆ ਜਾਂ ਸੈਨੀਟੇਸ਼ਨ ਸਬੰਧੀ, ਪੋਸਟਲ, ਟੈਲੀਗਰਾਫ਼ ਜਾਂ ਟੈਲੀਫ਼ੋਨ ਵਿਭਾਗ ਸਬੰਧੀ, ਹਸਪਤਾਲ ਜਾਂ ਡਿਸਪੈਂਸਰੀ ਵਿਚ ਸੇਵਾਵਾਂ, ਆਵਾਜਾਈ (ਟਰਾਂਸਪੋਰਟ), ਬੈਂਕਿੰਗ, ਹਾਊਸਿੰਗ ਸੇਵਾਵਾਂ, ਫਾਈਨਾਂਸ ਸੇਵਾਵਾਂ, ਸਿੱਖਿਆ ਪ੍ਰਦਾਨ ਕਰਨ ਅਤੇ ਇਸ ਨਾਲ ਜੁੜੇ ਮਾਮਲੇ, ਵੀਜ਼ਾ ਸੇਵਾਵਾਂ ਅਤੇ ਇਸ ਨਾਲ ਜੁੜੇ ਮਾਮਲੇ, ਐਲ.ਪੀ.ਜੀ. ਦੇ ਨਵੇਂ ਕੁਨੈਕਸ਼ਨ, ਸਪਲਾਈ, ਰਿਫਿਲਿੰਗ ਅਤੇ ਇਸ ਨਾਲ ਜੁੜੇ ਮਾਮਲੇ, ਆਧਾਰ ਕਾਰਡ, ਰਾਸ਼ਨ ਕਾਰਡ, ਵੋਟਰ ਸ਼ਨਾਖ਼ਤੀ ਕਾਰਡ ਅਤੇ ਬੀ.ਪੀ.ਐਲ. ਕਾਰਡ ਜਾਰੀ ਕਰਨ ਸਬੰਧੀ ਮਾਮਲੇ, ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਸ਼ਗਨ ਸਕੀਮ ਸੇਵਾਵਾਂ ਸਬੰਧੀ ਮਾਮਲੇ, ਜਨਤਕ ਵੰਡ ਪ੍ਰਣਾਲੀ ਸਬੰਧੀ ਸੇਵਾਵਾਂ, ਜਨਮ ਅਤੇ ਮੌਤ ਦੀ ਰਜਿਸਟ੍ਰੇਸ਼ਨ ਨਾਲ ਸਬੰਧਿਤ ਸੇਵਾਵਾਂ, ਵਿਆਹ ਦੀ ਰਜਿਸਟ੍ਰੇਸ਼ਨ ਨਾਲ ਸਬੰਧਿਤ ਸੇਵਾਵਾਂ, ਮੋਟਰ ਵਹੀਕਲ ਐਕਟ ਦੀਆਂ ਧਾਰਾਵਾਂ ਅਧੀਨ ਵਾਹਨਾਂ ਦੀ ਰਜਿਸਟ੍ਰੇਸ਼ਨ/ਡਰਾਈਵਿੰਗ ਲਾਇਸੈਂਸ ਜਾਰੀ ਕਰਨ ਸਬੰਧਿਤ ਸੇਵਾਵਾਂ, ਬੀਮਾ ਕੰਪਨੀਆਂ ਸਬੰਧੀ ਮਾਮਲਿਆਂ ਦੇ ਕੇਸ ਲਗਾਏ ਜਾ ਸਕਦੇ ਹਨ, ਜਿਨ੍ਹਾਂ ਦੀ ਸੁਣਵਾਈ ਇਸ ਲੋਕ ਅਦਾਲਤ ਦੇ ਬੈਂਚ ਵਲੋਂ ਕੀਤੀ ਜਾਂਦੀ ਹੈ। ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਦੱਸਿਆ ਕਿ ਇਸ ਵਿਚ ਇਕ ਚੇਅਰਮੈਨ ਜੋ ਕਿ ਰਿਟਾਇਰਡ ਜ਼ਿਲ੍ਹਾ ਤੇ ਸੈਸ਼ਨ ਜੱਜ ਹੁੰਦਾ ਹੈ ਅਤੇ ਦੋ ਮੈਂਬਰ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ) ਮੋਗਾ ਵਿਚ ਕੇਸ ਲਗਾਉਣ ਦਾ ਬਹੁਤ ਹੀ ਸੌਖਾ ਤਰੀਕਾ ਹੈ ਅਤੇ ਉਨ੍ਹਾਂ ਕਿਹਾ ਕਿ ਉਪਰੋਕਤ ਸੇਵਾਵਾਂ ਨਾਲ ਸਬੰਧਿਤ ਅਜਿਹੇ ਝਗੜੇ, ਸ਼ਿਕਾਇਤਾਂ, ਵਿਵਾਦ ਜਿਹੜੇ ਅਦਾਲਤਾਂ ਵਿਚ ਲੰਬਿਤ ਨਹੀਂ ਹਨ ਸਬੰਧੀ ਦਰਖ਼ਾਸਤ ਸਾਦੇ ਕਾਗ਼ਜ਼ ਤੇ ਲਿਖ ਕੇ ਸਥਾਈ ਲੋਕ ਅਦਾਲਤ ਮੋਗਾ ਵਿਖੇ ਚੇਅਰਮੈਨ ਕੋਲ ਪੇਸ਼ ਕਰਨੀ ਹੁੰਦੀ ਹੈ ਅਤੇ ਇਸ ਲੋਕ ਅਦਾਲਤ ਵਿਚ ਇਕ ਕਰੋੜ ਰੁਪਏ ਤੱਕ ਦੇ ਝਗੜੇ ਜਾਂ ਮਾਮਲੇ ਰੱਖੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਥਾਈ ਲੋਕ ਅਦਾਲਤ ਮੋਗਾ ਵਿਚ ਛੇਤੀ ਨਿਆਂ ਮਿਲਦਾ ਹੈ, ਇਸ ਦੇ ਫ਼ੈਸਲੇ ਨੂੰ ਦੀਵਾਨੀ ਕੋਰਟ ਦੀ ਡਿਗਰੀ ਦੀ ਮਾਨਤਾ ਪ੍ਰਾਪਤ ਹੈ ਅਤੇ ਕੇਸ ਲਗਾਉਣ ਲਈ ਕੋਈ ਫ਼ੀਸ ਵੀ ਨਹੀਂ ਲੱਗਦੀ। ਉਨ੍ਹਾਂ ਨੇ ਆਮ ਜਨਤਾ ਨੂੰ ਸਥਾਈ ਲੋਕ ਅਦਾਲਤ ਮੋਗਾ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ।