ਮੋਗਾ, 5 ਜੂਨ (ਸੁਰਿੰਦਰਪਾਲ ਸਿੰਘ)-ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਵਲੋਂ ਚਲਾਈ ਗਈ ਤੰਬਾਕੂ ਮੁਕਤ ਮੁਹਿੰਮ ਤਹਿਤ ਦੇਸ਼ ਭਰ ਵਿਚੋਂ ਤੀਜਾ ਸਥਾਨ ਪ੍ਰਾਪਤ ਕਰਕੇ ਨਵੀਂ ਦਿੱਲੀ ਤੋਂ ਮੋਗਾ ਪਹੁੰਚਣ 'ਤੇ ਸਰਕਾਰੀ ਪ੍ਰਾਇਮਰੀ ਸਕੂਲ ਦੁੱਨੇਕੇ (ਮੋਗਾ-2) ਦੇ ਅਧਿਆਪਕ ਹਰਮਨਦੀਪ ਸਿੰਘ ਰਾਏ ਅਤੇ ਜ਼ਿਲ੍ਹਾ ਨੋਡਲ ਅਫ਼ਸਰ ਬਲਦੇਵ ਰਾਮ ਸਿੰਘ ਦਾ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਮੰਜੂ ਭਾਰਦਵਾਜ ਅਤੇ ਬੀ.ਪੀ.ਈ.ਓ. ਮੋਗਾ-2 ਵਰਿੰਦਰ ਕੌਰ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਦਿੱਲੀਓਾ ਪਰਤੇ ਜੇਤੂ ਅਧਿਆਪਕਾ ਨੇ ਰਾਸ਼ਟਰੀ ਸਮਾਰੋਹ ਦੇ ਆਪਣੇ ਵਡਮੁੱਲੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਦੇਸ਼ ਦੇ ਸਕੂਲ ਸਿੱਖਿਆ ਸਕੱਤਰ ਸੰਜੇ ਕੁਮਾਰ ਦੇ ਹੱਥੋਂ ਇਹ ਵੱਕਾਰੀ ਟਰਾਫ਼ੀ ਹਾਸਲ ਕਰਨਾ ਪੂਰੇ ਜ਼ਿਲੇ੍ਹ ਲਈ ਇਕ ਇਤਿਹਾਸਕ ਅਤੇ ਅਭੁੱਲ ਪਲ ਸੀ, ਜਿਸ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਮਿਹਨਤ ਨੂੰ ਰਾਸ਼ਟਰੀ ਨਕਸ਼ੇ 'ਤੇ ਉਭਾਰਿਆ ਹੈ | ਇਸ ਸ਼ਾਨਦਾਰ ਸਫਲਤਾ ਦੀ ਖ਼ੁਸ਼ੀ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ ਮੰਜੂ ਭਾਰਦਵਾਜ ਨੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਵਰਿੰਦਰ ਕੌਰ, ਹੈੱਡ ਟੀਚਰ ਕਿਰਨਦੀਪ ਕੌਰ, ਸਕੂਲ ਸਟਾਫ਼ ਅੰਜਲੀ ਅਮਨਦੀਪ ਕੌਰ, ਹਰਜੀਤ ਕੌਰ, ਨੇਹਾ, ਗੀਤਾ ਰਾਣੀ, ਹਰਜੀਤ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਉਤਸ਼ਾਹਿਤ ਕਰਦਿਆਂ ਕਿਹਾ ਕਿ ਇਹ ਰਾਸ਼ਟਰੀ ਸਨਮਾਨ ਉਨ੍ਹਾਂ ਦੇ ਦਿ੍ੜ੍ਹ ਇਰਾਦੇ, ਨਿਰੰਤਰ ਟੀਮ ਵਰਕ ਅਤੇ ਬੱਚਿਆਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਕਰਨ ਦੇ ਨਿਵੇਕਲੇ ਯਤਨਾਂ ਦਾ ਸਿੱਟਾ ਹੈ | ਉਨ੍ਹਾਂ ਸਮੂਹ ਸਟਾਫ਼ ਦੀ ਪਿੱਠ ਥਾਪੜਦਿਆਂ ਪ੍ਰੇਰਨਾ ਦਿੱਤੀ ਕਿ ਉਹ ਭਵਿੱਖ ਵਿਚ ਵੀ ਇਸੇ ਤਰ੍ਹਾਂ ਸਮਾਜਿਕ ਸੁਧਾਰ ਅਤੇ ਗੁਣਾਤਮਿਕ ਸਿੱਖਿਆ ਦੇ ਖੇਤਰ ਵਿਚ ਨਵੇਂ ਮੀਲ ਪੱਥਰ ਸਥਾਪਤ ਕਰਦੇ ਰਹਿਣ ਤਾਂ ਜੋ ਮੋਗਾ ਜ਼ਿਲ੍ਹਾ ਹਮੇਸ਼ਾ ਮੋਹਰੀ ਕਤਾਰ ਵਿਚ ਚਮਕਦਾ ਰਹੇ |