ਮੋਗਾ, 5 ਜੂਨ (ਜਸਪਾਲ ਸਿੰਘ ਬੱਬੀ)-ਡਾ. ਅੰਮਿ੍ਤਪਾਲ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਮੋਗਾ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਹਰ ਕਿਸਾਨ ਆਪਣੀ ਜ਼ਮੀਨ ਵਿਚ ਕੁੱਝ ਹਿੱਸਾ ਝੋਨੇ ਦੀ ਸਿੱਧੀ ਬਿਜਾਈ ਹੇਠ ਜ਼ਰੂਰ ਲੈ ਕੇ ਆਉਣ ਤਾਂ ਜੋ ਦਿਨੋ ਦਿਨ ਹੇਠਾਂ ਜਾ ਰਹੇ ਧਰਤੀ ਹੇਠਲੇ ਪਾਣੀ ਦੀ ਬੱਚਤ ਕੀਤੀ ਜਾ ਸਕੇ | ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਧਰਤੀ ਹੇਠਲੇ ਪਾਣੀ ਦੀ ਬੱਚਤ ਹੁੰਦੀ ਹੈ | ਵਾਤਾਵਰਣ ਪ੍ਰਦੂਸ਼ਿਤ ਹੋਣ ਤੋਂ ਬਚਦਾ ਹੈ | ਇਸ ਬਿਜਾਈ ਨਾਲ ਕੀੜੇ ਮਕੌੜੇ ਅਤੇ ਬਿਮਾਰੀਆਂ ਦਾ ਹਮਲਾ ਬਹੁਤ ਘੱਟ ਹੋਣ ਕਾਰਨ ਖੇਤੀ ਖਰਚੇ ਬਚਦੇ ਹਨ | ਝੋਨੇ ਦੀ ਲਵਾਈ ਦੀ ਲੇਬਰ, ਕੱਦੂ ਦਾ ਖਰਚਾ ਵੀ ਬਚਦਾ ਹੈ ਅਤੇ ਪੰਜਾਬ ਸਰਕਾਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 1500 ਰੁਪਏ ਦੀ ਰਾਸ਼ੀ ਵੀ ਦਿੱਤੀ ਜਾ ਰਹੀ ਹੈ | ਇਸ ਵਿੱਤੀ ਰਾਸ਼ੀ ਦੀ ਪ੍ਰਾਪਤੀ ਲਈ ਕਿਸਾਨ ਪੋਰਟਲ ਤੇ ਆਪਣੀ ਰਜਿਸਟਰੇਸ਼ਨ 15 ਜੂਨ ਤੱਕ ਹਰ ਹਾਲਤ ਵਿਚ ਪੂਰੀ ਕਰ ਲੈਣ | ਰਜਿਸਟਰੇਸ਼ਨ ਕਰਨ ਲਈ ਜੇਕਰ ਮੁਸ਼ਕਲ ਆਉਂਦੀ ਹੈ ਤਾਂ ਖੇਤੀ ਅਧਿਕਾਰੀਆਂ ਨਾਲ ਸੰਪਰਕ ਕਰ ਲਿਆ ਜਾਵੇ |