ਮੋਗਾ, 5 ਜੂਨ (ਸੁਰਿੰਦਰਪਾਲ ਸਿੰਘ)-ਮੋਗਾ ਵਿਚ ਮਨੁੱਖਤਾ ਅਤੇ ਨਿਸ਼ਕਾਮ ਸੇਵਾ ਦੀ ਇਕ ਪ੍ਰੇਰਣਾਦਾਇਕ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਗੁਰਦੀਪ ਸਿੰਘ ਦੀਪਾ ਨੇ ਆਪਣੇ ਸਵ: ਪੁੱਤਰ ਦੀ ਯਾਦ ਵਿਚ ਮੋਗਾ ਦੀ ਸਮਾਜ ਸੇਵਾ ਸੁਸਾਇਟੀ ਨੂੰ ਇਕ ਨਵੀਂ ਐਂਬੂਲੈਂਸ ਭੇਟ ਕੀਤੀ | ਇਹ ਐਂਬੂਲੈਂਸ ਹੁਣ ਲੋਕਾਂ ਦੀ ਸੇਵਾ ਲਈ ਸੜਕਾਂ 'ਤੇ ਉਤਰ ਚੁੱਕੀ ਹੈ ਅਤੇ ਲੋੜਵੰਦਾਂ ਲਈ ਜੀਵਨ ਰੱਖਿਅਕ ਸਾਬਤ ਹੋਵੇਗੀ | ਇਸ ਮੌਕੇ ਵਿਸ਼ਵਕਰਮਾ ਭਵਨ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ | ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਅਤੇ ਹੁਕਮਨਾਮਾ ਲੈ ਕੇ ਪਹੁੰਚੀਆਂ ਸੰਗਤਾਂ ਨੂੰ ਇਸ ਪਵਿੱਤਰ ਉਪਰਾਲੇ ਬਾਰੇ ਜਾਣੂੰ ਕਰਵਾਇਆ ਗਿਆ | ਸਮਾਗਮ ਦੌਰਾਨ ਗੁਰਦੁਆਰਾ ਚੰਦ ਪੁਰਾਣਾ ਦੇ ਮੁਖੀ ਬਾਬਾ ਗੁਰਦੀਪ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮਾਜ ਸੇਵਾ ਸੁਸਾਇਟੀ ਦੇ ਸੇਵਾਦਾਰ 24 ਘੰਟੇ ਨਿਸ਼ਕਾਮ ਭਾਵਨਾ ਨਾਲ ਮਨੁੱਖਤਾ ਦੀ ਸੇਵਾ ਕਰ ਰਹੇ ਹਨ | ਸੜਕ ਹਾਦਸਿਆਂ ਵਿਚ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਤੋਂ ਲੈ ਕੇ ਰੇਲ ਹਾਦਸਿਆਂ ਜਾਂ ਲਾਵਾਰਸ ਮਿ੍ਤਕਾਂ ਦੇ ਅੰਤਿਮ ਸੰਸਕਾਰ ਤੱਕ, ਸੁਸਾਇਟੀ ਹਰ ਫ਼ਰਜ਼ ਨੂੰ ਆਪਣਾ ਧਰਮ ਸਮਝ ਕੇ ਨਿਭਾ ਰਹੀ ਹੈ | ਬਾਬਾ ਗੁਰਦੀਪ ਸਿੰਘ ਨੇ ਸਮਾਜ ਨੂੰ ਅਪੀਲ ਕੀਤੀ ਕਿ ਅਜਿਹੀਆਂ ਸੰਸਥਾਵਾਂ ਦਾ ਹਰ ਸੰਭਵ ਸਹਿਯੋਗ ਕੀਤਾ ਜਾਣਾ ਚਾਹੀਦਾ ਹੈ | ਇਸ ਮੌਕੇ ਸੰਗਤਾਂ ਨੇ ਵੀ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਅਰਦਾਸ ਕੀਤੀ ਕਿ ਅਕਾਲ ਪੁਰਖ ਸਭ ਨੂੰ ਚੜ੍ਹਦੀ ਕਲਾ, ਤੰਦਰੁਸਤੀ ਅਤੇ ਮਨੁੱਖਤਾ ਦੀ ਸੇਵਾ ਕਰਨ ਦੀ ਤਾਕਤ ਬਖ਼ਸ਼ੇ |