ਮੋਗਾ, 5 ਜੂਨ (ਅਸ਼ੋਕ ਬਾਂਸਲ)-ਮੋਗਾ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਨਾਲ ਜੁੜ ਕੇ ਚੰਗੇ ਕਾਰਜਾਂ ਵਿਚ ਯੋਗਦਾਨ ਪਾ ਰਹੀਆਂ ਸ਼ਹਿਰ ਦੀਆਂ ਸਮਾਜ ਸੇਵੀ ਔਰਤਾਂ ਵਲੋਂ ਗਰਮੀਆਂ ਦੇ ਮੌਸਮ ਨੂੰ ਦੇਖਦੇ ਹੋਏ ਪੰਛੀਆਂ ਦੀ ਸੰਭਾਲ ਨੂੰ ਲੈ ਕੇ ਜਾਗਰੂਕਤਾ ਮੁਹਿੰਮ ਚਲਾਈ ਗਈ | ਇਸ ਮੌਕੇ ਸਮਾਜ ਸੇਵੀ ਵੇਨਕਾ ਗੋਇਲ, ਲਖਵਿੰਦਰ ਕੌਰ, ਮੈਡਮ ਪੱਲਵੀ, ਪ੍ਰੀਆ ਸਿੰਗਲਾ, ਨਿਰਮਲਾ ਦੇਵੀ ਆਦਿ ਦੀ ਟੀਮ ਵਲੋਂ ਸ਼ਹਿਰ ਦੇ ਵਾਰਡ ਨੰਬਰ 23 ਵਿਚ ਘਰ ਘਰ ਜਾ ਕੇ ਲੋਕਾਂ ਨੂੰ ਮਿੱਟੀ ਦੇ ਬਰਤਨ ਵੰਡਦੇ ਹੋਏ ਪੰਛੀਆਂ ਵਾਸਤੇ ਘਰਾਂ ਦੀਆਂ ਛੱਤਾਂ 'ਤੇ ਪਾਣੀ ਰੱਖਣ ਲਈ ਜਾਗਰੂਕ ਕੀਤਾ ਗਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਪੰਛੀਆਂ ਦੀ ਚਹਿਕ ਸਾਡੇ ਸਮਾਜ ਤੇ ਵਾਤਾਵਰਨ ਦਾ ਵਡਮੁੱਲਾ ਧਨ ਹੈ, ਕਿਉਂਕਿ ਜਿੱਥੇ ਵੱਧ ਤੋਂ ਵੱਧ ਪੰਛੀ ਹੋਣ ਤਾਂ ਪਤਾ ਲੱਗਦਾ ਹੈ ਕਿ ਉੱਥੇ ਆਲੇ ਦੁਆਲੇ ਹਰਿਆਵਲ, ਦਾਣਾ ਪਾਣੀ ਮੌਜੂਦ ਹੁੰਦਾ ਹੈ | ਉਨ੍ਹਾਂ ਕਿਹਾ ਕਿ ਮਨੁੱਖੀ ਭੱਜ ਦੌੜ ਵਿਚ ਅਸੀਂ ਭੁੱਲ ਜਾਦੇ ਹਾਂ ਕਿ ਸਾਡੇ ਆਲੇ ਦੁਆਲੇ ਪੰਛੀਆਂ ਦਾ ਹੋਣਾ ਕਿੰਨਾ ਜਰੂਰੀ ਹੈ | ਉਨ੍ਹਾਂ ਕਿਹਾ ਕਿ ਗਰਮੀਆਂ ਦੇ ਮੌਸਮ ਵਿਚ ਦੇਖਣ ਵਿਚ ਆਉਂਦਾ ਹੈ ਕਿ ਬਹੁਤ ਸਾਰੇ ਪੰਛੀ ਪਾਣੀ ਨਾ ਮਿਲਣ ਕਾਰਨ ਮਰ ਜਾਂਦੇ ਹਨ | ਇਸ ਲਈ ਲੋਕ ਆਪਣੇ ਕੰਮਾਂ ਕਾਰਾਂ ਵਿਚੋਂ ਕੁਝ ਸਮਾਂ ਪੰਛੀਆਂ ਲਈ ਕੱਢਣ ਤੇ ਆਪਣੇ ਘਰਾਂ ਦੀਆਂ ਛੱਤਾਂ 'ਤੇ ਪੰਛੀਆਂ ਲਈ ਦਾਣੇ ਅਤੇ ਪਾਣੀ ਦਾ ਪ੍ਰਬੰਧ ਰੱਖਣ ਤਾਂ ਜੋ ਸਾਡੇ ਮਨੁੱਖੀ ਸਮਾਜ ਤੇ ਵਾਤਾਵਰਨ ਦਾ ਅੰਗ ਇਹ ਪੰਛੀ ਹਮੇਸ਼ਾ ਚਹਿਕਦੇ ਰਹਿਣ |