ਬਾਘਾ ਪੁਰਾਣਾ, 5 ਜੂਨ (ਗੁਰਮੀਤ ਸਿੰਘ ਮਾਣੂੰਕੇ)-ਬਾਘਾ ਪੁਰਾਣਾ ਵਿਖੇ ਸੰਘਣੀ ਆਬਾਦੀ 'ਚ ਲਵਾਰਿਸ ਕੁੱਤੇ ਇਕ ਗਾਂ ਦੇ ਵੱਛੇ ਨੂੰ ਖਾਂਦੇ ਰਹੇ ਪਰ ਇਸ ਗੰਭੀਰ ਸਮੱਸਿਆ ਵਲੋਂ ਬਾਘਾ ਪੁਰਾਣਾ ਪ੍ਰਸ਼ਾਸਨ ਨੇ ਕੋਈ ਧਿਆਨ ਨਹੀ ਦਿੱਤਾ | ਬੇਸ਼ੱਕ ਖ਼ੰੂਖ਼ਾਰ ਅਤੇ ਖ਼ਤਰਨਾਕ ਲਾਵਾਰਸ ਕੁੱਤਿਆ ਪ੍ਰਤੀ ਮਾਣਯੋਗ ਸੁਪਰੀਮ ਕੋਰਟ ਦੇ ਸਖ਼ਤ ਹੁਕਮਾਂ ਦੀ ਪੰਜਾਬ ਸਰਕਾਰ ਨੇ ਪਾਲਣਾ ਕਰਨ ਦੀ ਹਦਾਇਤ ਦਿੱਤੀ ਹੈ, ਪਰ ਬਾਘਾ ਪੁਰਾਣਾ ਪ੍ਰਸ਼ਾਸਨ ਦਾ ਇਸ ਮਾਮਲੇ ਸਬੰਧੀ ਕੋਈ ਧਿਆਨ ਨਹੀ ਹੈ | ਉਕਤ ਘਟਨਾ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਬਾਘਾ ਪੁਰਾਣਾ ਸ਼ਹਿਰ ਤੋਂ ਚੰਨੂਵਾਲਾ ਰੋਡ 'ਤੇ ਸਥਿਤ ਸੂਏ ਦੇ ਬਿਲਕੁਲ ਨਜ਼ਦੀਕ ਬੀਤੀ ਰਾਤ ਨੂੰ ਕੁਝ ਆਵਾਰਾ ਕੁੱਤੇ ਇਕ ਬੇਸਹਾਰਾ ਗਾਂ ਦੇ ਵੱਛੇ ਨੂੰ ਮਾਰਨ ਪੈ ਗਏ ਅਤੇ ਸਾਰੀ ਰਾਤ ਉਕਤ ਮਰੇ ਗਾਂ ਦੇ ਵੱਛੇ ਨੂੰ ਨੋਚ-ਨੋਚ ਖਾਂਦੇ ਰਹੇ ਪਰ ਇਸ ਪਾਸੇ ਕਿਸੇ ਦੁਕਾਨਦਾਰ ਜਾ ਪ੍ਰਸ਼ਾਸਨਿਕ ਅਧਿਕਾਰੀ ਨੇ ਕੁੱਤਿਆਂ ਨੂੰ ਭਜਾਉਣ ਜਾਂ ਉਕਤ ਵੱਛੇ ਨੂੰ ਚੁੱਕਣ ਦੀ ਕੋਸ਼ਿਸ਼ ਨਹੀ ਕੀਤੀ | ਜ਼ਿਕਰਯੋਗ ਹੈ ਕਿ ਉਕਤ ਘਟਨਾ ਨੇੜੇ ਗਊਸ਼ਾਲਾ ਵੀ ਸਥਿਤ ਹੈ ਅਤੇ ਬਾਘਾ ਪੁਰਾਣਾ ਪ੍ਰਸ਼ਾਸਨ ਵਲੋਂ ਅਣਸੁਖਾਂਵੀ ਘਟਨਾ ਨੂੰ ਰੋਕਣ ਲਈ ਅਤੇ ਅਪਰਾਧੀਆਂ 'ਤੇ ਬਾਜ਼ ਅੱਖ ਰੱਖਣ ਲਈ ਵੱਡੇ-ਵੱਡੇ ਹਾਈ ਕੁਆਲਿਟੀ ਦੇ ਕੈਮਰੇ ਵੀ ਲਾਏ ਹੋਏ ਹਨ ਪਰ ਉਕਤ ਕੈਮਰਿਆਂ 'ਚ ਇਹ ਖ਼ੌਫ਼ਨਾਕ ਤਸਵੀਰ ਨਹੀ ਆਈ | ਇਸ ਘਟਨਾ ਨੂੰ ਵੇਖਦੇ ਹੋਏ ਕੁਝ ਰਾਹਗੀਰ ਲੋਕਾਂ ਵਲੋਂ ਪ੍ਰਸ਼ਾਸਨ ਵਿਰੁੱਧ ਗ਼ੁੱਸਾ ਵੀ ਪ੍ਰਗਟ ਕੀਤਾ ਗਿਆ ਅਤੇ ਆਵਾਰਾ ਕੁੱਤੇ ਨੂੰ ਭਜਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਸੜੇ ਹਾਣ ਬਦਬੂ ਕਰਕੇ ਉਕਤ ਤਾਂ 'ਤੇ ਹਰੇਕ ਵਿਅਕਤੀ ਲਈ ਖੜਨਾ ਸੰਭਵ ਨਹੀ ਸੀ | ਇਸ ਘਟਨਾ ਸਬੰਧੀ ਲੋਕਾਂ ਦੀ ਮਾਨ ਸਰਕਾਰ ਅਤੇ ਹਲਕਾ ਵਿਧਾਇਕ ਤੋਂ ਮੰਗ ਹੈ ਕਿ ਇਸ ਤਰ੍ਹਾਂ ਦੀਆਂ ਅਣ-ਸੁਖਾਵੀਆਂ ਘਟਨਾਵਾਂ ਨੂੰ ਰੋਕਣ ਲਈ ਸਬੰਧਿਤ ਵਿਭਾਗ ਦੇ ਮੁਲਾਜ਼ਮਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਜਾਣ |