ਠੱਠੀ ਭਾਈ, 5 ਜੂਨ (ਜਗਰੂਪ ਸਿੰਘ ਮਠਾੜੂ)-ਸੰਤ ਬਾਬਾ ਕੁਲਵੰਤ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੀ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਐਸ.ਬੀ.ਬੀ.ਐਸ. ਪਬਲਿਕ ਸਕੂਲ ਸੁਖਾਨੰਦ ਵਲੋਂ ਵਿਦਿਆਰਥੀਆਂ ਲਈ ਇਕ ਰੋਜ਼ਾ ਮਨੋਰੰਜਕ ਅਤੇ ਵਿੱਦਿਅਕ ਟੂਰ ਦਾ ਆਯੋਜਨ ਕੀਤਾ ਗਿਆ | ਗਰਮੀ ਦੇ ਮੌਸਮ ਦੌਰਾਨ ਬੱਚਿਆਂ ਨੂੰ ਤਾਜ਼ਗੀ ਅਤੇ ਮਨੋਰੰਜਨ ਪ੍ਰਦਾਨ ਕਰਨ ਦੇ ਉਦੇਸ਼ ਨਾਲ ਇਹ ਟੂਰ ਤਲਵੰਡੀ ਭਾਈ ਸਥਿਤ ਫਨ ਆਈਲੈਂਡ ਵਿਖੇ ਲਿਜਾਇਆ ਗਿਆ | ਸਕੂਲ ਵਲੋਂ ਵਿਦਿਆਰਥੀਆਂ ਨੂੰ ਅਧਿਆਪਕ ਸਾਹਿਬਾਨ ਦੀ ਦੇਖ-ਰੇਖ ਹੇਠ ਸਕੂਲ ਬੱਸਾਂ ਰਾਹੀਂ ਫਨ ਆਈਲੈਂਡ ਲਿਜਾਇਆ ਗਿਆ | ਉੱਥੇ ਬੱਚਿਆਂ ਨੇ ਵੱਖ-ਵੱਖ ਮਨੋਰੰਜਕ ਝੂਲਿਆਂ ਦਾ ਭਰਪੂਰ ਆਨੰਦ ਮਾਣਿਆ | ਇਸ ਤੋਂ ਬਾਅਦ ਉਨ੍ਹਾਂ ਨੇ ਫ਼ਿਲਮ ਦੇਖ ਕੇ ਵੀ ਖੂਬ ਮਨੋਰੰਜਨ ਕੀਤਾ | ਟੂਰ ਦੇ ਅੰਤਿਮ ਪੜਾਅ ਦੌਰਾਨ ਵਿਦਿਆਰਥੀਆਂ ਨੇ ਵਾਟਰ ਪਾਰਕ ਵਿਚ ਪਾਣੀ ਨਾਲ ਖੇਡਦੇ ਹੋਏ ਖੂਬ ਮਸਤੀ ਕੀਤੀ ਅਤੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ | ਬੱਚਿਆਂ ਵਿਚ ਇਸ ਟੂਰ ਨੂੰ ਲੈ ਕੇ ਖਾਸਾ ਉਤਸ਼ਾਹ ਦੇਖਣ ਨੂੰ ਮਿਲਿਆ | ਇਸ ਮੌਕੇ ਸਕੂਲ ਦੇ ਡਾਇਰੈਕਟਰ, ਪਿ੍ੰਸੀਪਲ ਅਤੇ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਨੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਟੂਰ ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਬਹੁਤ ਲਾਹੇਵੰਦ ਸਾਬਤ ਹੁੰਦੇ ਹਨ | ਅਜਿਹੀਆਂ ਗਤੀਵਿਧੀਆਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਮਨੋਰੰਜਨ ਦੇ ਮੌਕੇ ਵੀ ਪ੍ਰਦਾਨ ਕਰਦੀਆਂ ਹਨ, ਜਿਸ ਨਾਲ ਉਨ੍ਹਾਂ ਦਾ ਮਨ ਤੰਦਰੁਸਤ ਅਤੇ ਤਾਜ਼ਗੀ ਭਰਿਆ ਰਹਿੰਦਾ ਹੈ | ਸਕੂਲ ਪ੍ਰਬੰਧਕਾਂ ਨੇ ਭਵਿੱਖ ਵਿਚ ਵੀ ਵਿਦਿਆਰਥੀਆਂ ਲਈ ਇਸ ਤਰ੍ਹਾਂ ਦੇ ਰਚਨਾਤਮਿਕ ਅਤੇ ਮਨੋਰੰਜਕ ਪ੍ਰੋਗਰਾਮ ਕਰਵਾਉਣ ਦਾ ਭਰੋਸਾ ਦਿੱਤਾ |