ਮੋਗਾ, 7 ਜੂਨ (ਸੁਰਿੰਦਰਪਾਲ ਸਿੰਘ)-ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ ਤੇ ਨਾਲ ਇਕ ਸਰਹੱਦੀ ਸੂਬਾ ਵੀ ਹੈ | ਪੰਜਾਬ ਦੇ ਕਿਸਾਨ ਵੱਡੇ ਪੱਧਰ 'ਤੇ ਦੋ ਪ੍ਰਮੁੱਖ ਫ਼ਸਲਾਂ ਹਾੜੀ ਕਣਕ ਅਤੇ ਸਾਉਣੀ ਝੋਨਾ ਹੀ ਜ਼ਿਆਦਾਤਰ ਬੀਜਦੇ ਹਨ ਕਿਉਂਕਿ ਇਨ੍ਹਾਂ ਉੱਪਰ ਐਮ.ਐਸ.ਪੀ. ਉੱਪਰ ਖ਼ਰੀਦ ਕਾਰਨ ਕਿਸਾਨਾਂ ਨੂੰ ਵਾਰਾ ਖਾਂਦੀਆਂ ਹਨ ਪਰ ਪਿਛਲੇ ਦੋ ਤਿੰਨ ਸਾਲਾਂ ਤੋਂ ਝੋਨੇ ਦੀਆਂ ਅਨੇਕਾਂ ਹਾਈਬਿ੍ਡ ਕਿਸਮਾਂ ਨੇ ਕਿਸਾਨਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ | ਹਾਈਬਿ੍ਡ ਝੋਨਾ ਪੰਜਾਬ ਸਰਕਾਰ ਅਤੇ ਸ਼ੈਲਰਾਂ ਵਾਲਿਆਂ ਵਿਚ ਵਿਵਾਦ ਦੀ ਜੜ੍ਹ ਬਣਿਆ ਹੋਇਆ ਹੈ | ਵੱਖੋ-ਵੱਖ ਕੰਪਨੀਆਂ ਵਲੋਂ ਵੱਧ ਝਾੜ ਦੇ ਨਾਂਅ ਉੱਪਰ ਕਿਸਾਨਾਂ ਦੀ ਵੱਡੀ ਪੱਧਰ 'ਤੇ ਲੁੱਟ ਕੀਤੀ ਗਈ | ਖੇਤੀ ਯੂਨੀਵਰਸਿਟੀ ਦੇ ਮਾਹਿਰਾਂ ਵਲੋਂ ਵਾਰ ਵਾਰ ਪਰਖਣ ਤੋਂ ਬਾਅਦ ਰਿਲੀਜ਼ ਕੀਤੀ ਗਈ ਪੀ.ਆਰ. 126 ਝੋਨੇ ਦੀ ਕਿਸਮ ਜੋ ਝਾੜ ਵਿਚ ਵੀ ਉੱਤਮ ਰਹੀ ਅਤੇ ਪੱਕਣ ਲਈ ਵੀ ਬਹੁਤ ਘੱਟ ਲੈਂਦੀ ਹੈ ਪਰ ਮੰਡੀ ਖੇਤਰ ਵਿਚ ਆਈਆਂ ਹਾਈਬਿ੍ਡ ਕਿਸਮਾਂ ਨੇ ਸ਼ੈਲਰਾਂ ਵਾਲਿਆਂ ਸਮੇਤ ਆੜ੍ਹਤੀਏ ਅਤੇ ਕਿਸਾਨਾਂ ਨੂੰ ਸਮੱਸਿਆ ਖੜ੍ਹੀ ਕਰ ਦਿੱਤੀ | ਮੁਖ਼ਤਿਆਰ ਸਿੰਘ ਦੀਨਾ ਸਾਹਿਬ ਨੇ ਦੱਸਿਆ ਕਿ ਸ਼ੈਲਰਾਂ ਵਾਲਿਆਂ ਅਨੁਸਾਰ ਹਾਈਬਿ੍ਡ ਕਿਸਮਾਂ ਦੇ ਝੋਨੇ ਵਿਚ ਟੋਟੇ ਦੀ ਬਹੁਤ ਸਮੱਸਿਆ ਹੈ ਕਿਉਂਕਿ ਇਸ ਦੇ ਪ੍ਰਤੀ ਕੁਵਿੰਟਲ ਪਿੱਛੇ 62 ਫ਼ੀਸਦੀ ਚੌਲ ਨਿਕਲਦੇ ਹਨ ਜਦ ਕਿ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਨੂੰ ਅਸੀਂ ਕੁਵਿੰਟਲ ਪਿੱਛੇ 67 ਫ਼ੀਸਦੀ ਦੇਣੇ ਹੁੰਦੇ ਹਨ ਜਿਸ ਕਰ ਕੇ ਸਾਨੂੰ ਵੱਡਾ ਆਰਥਿਕ ਨੁਕਸਾਨ ਹੁੰਦਾ ਹੈ | ਇਸ ਵਿਚ ਵੀ 75 ਫ਼ੀਸਦੀ ਚੌਲ ਸਾਬਤ ਹੋਣੇ ਚਾਹੀਦੇ ਹਨ ਜਿਸ ਨੂੰ ਆਊਟ ਟਰਨ ਰੇਸ਼ੋ ਕਿਹਾ ਜਾਂਦਾ ਹੈ | ਸ਼ੈਲਰ ਮਾਲਕਾਂ ਦਾ ਕਹਿਣਾ ਹੈ ਕਿ ਮੰਡੀ ਵਿਚ ਹਾਈਬਿ੍ਡ ਕਿਸਮਾਂ 126 ਝੋਨੇ ਵਿਚ ਰਲਗੱਡ ਹੋਣ ਕਾਰਨ ਸਾਨੂੰ ਵੱਡਾ ਘਾਟਾ ਸਹਿਣਾ ਪੈਂਦਾ ਹੈ ਜੋ ਸਾਡੇ ਵਿੱਤੀ ਨੁਕਸਾਨ ਦਾ ਕਾਰਨ ਬਣਦਾ ਹੈ ਕਿਉਂਕਿ ਇਹ ਕਿਸਮਾਂ ਐਫ.ਸੀ.ਆਈ. ਦੇ ਮਾਪਦੰਡਾਂ 'ਤੇ ਖਰੀਆਂ ਨਹੀਂ ਉੱਤਰਦੀਆਂ | ਇਨ੍ਹਾਂ ਉੱਪਰ ਪਾਬੰਦੀ ਜ਼ਰੂਰੀ ਹੈ ਕਿਉਂਕਿ ਜੋ ਪ੍ਰਵਾਨਿਤ ਕਿਸਮਾਂ ਹਨ ਉਨ੍ਹਾਂ ਨੂੰ ਖੇਤੀਬਾੜੀ ਯੂਨੀਵਰਸਿਟੀਆਂ ਦੇ ਮਾਹਿਰ ਕਈ ਸਾਲਾਂ ਦੀ ਪਰਖ ਤੋਂ ਬਾਅਦ ਹੀ ਬੀਜਣ ਲਈ ਸਿਫ਼ਾਰਸ਼ ਕਰਦੇ ਹਨ | ਇਸ ਲਈ ਸਾਡੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਪੰਜਾਬ ਵਿਚ ਲੱਗਣ ਵਾਲੇ ਕਿਸਾਨ ਮੇਲਿਆਂ ਉੱਪਰ ਹਦੂਦ ਤੋਂ ਬਾਹਰ ਲੱਗੇ ਬੀਜਾਂ ਦੇ ਸਟਾਲਾਂ ਦੀ ਸਖ਼ਤੀ ਨਾਲ ਚੈਕਿੰਗ ਯਕੀਨੀ ਬਣਾਈ ਜਾਵੇ ਅਤੇ ਵੱਧ ਝਾੜ ਦੇ ਨਾਂਅ ਉੱਪਰ ਕਿਸਾਨਾਂ ਦੀ ਵੱਡੀ ਪੱਧਰ 'ਤੇ ਲੁੱਟ ਕਰਨ ਵਾਲਿਆਂ ਉੱਪਰ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ | ਖ਼ਾਸ ਕਰ ਕੇ ਬਿਜਾਈ ਦੇ ਸਮੇਂ ਤੋਂ ਪਹਿਲਾਂ ਖਾਦਾਂ ਵਾਲਿਆਂ ਅਤੇ ਬੀਜ ਵਿਕਰੇਤਾ ਦੀਆਂ ਦੁਕਾਨਾਂ ਦੇ ਨਾਲ-ਨਾਲ ਉਨ੍ਹਾਂ ਦੇ ਗੁਦਾਮਾਂ ਦੀ ਚੈਕਿੰਗ ਯਕੀਨੀ ਬਣਾਈ ਜਾਵੇ |