30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਗੁਰਦੁਆਰਾ ਸੁਖ ਸਾਗਰ ਸਾਹਿਬ ਵਿਖੇ ਚਾਰ ਰੋਜ਼ਾ ਗੁਰਮਤਿ ਅਤੇ ਸੁੰਦਰ ਲਿਖਾਈ ਕੈਂਪ ਸਮਾਪਤ, 118 ਭਾਗੀਦਾਰਾਂ ਨੇ ਲਿਆ ਲਾਹਾ ਜੇਤੂ ਬੱਚਿਆਂ ਨੂੰ ਕੀਤਾ ਗਿਆ ਸਨਮਾਨਿਤ

ਅਜੀਤ ਡੈਸਕ 08-06-2026
ਮੋਗਾ, 7 ਜੂਨ (ਸੁਰਿੰਦਰਪਾਲ ਸਿੰਘ)-ਪਿੰਡ ਧੱਲੇਕੇ ਜ਼ਿਲ੍ਹਾ ਮੋਗਾ ਦੇ ਗੁਰਦੁਆਰਾ ਸੁਖ ਸਾਗਰ ਸਾਹਿਬ ਵਿਖੇ ਚਾਰ ਰੋਜ਼ਾ ਗੁਰਮਤਿ ਅਤੇ ਸੁੰਦਰ ਲਿਖਾਈ ਕੈਂਪ ਸਫਲਤਾ ਪੂਰਵਕ ਸਮਾਪਤ ਹੋਇਆ | ਕੈਂਪ ਦੌਰਾਨ 100 ਬੱਚਿਆਂ ਅਤੇ 18 ਮਾਪਿਆਂ ਸਮੇਤ ਕੁੱਲ 118 ਭਾਗੀਦਾਰਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ | ਇਸ ਮੌਕੇ ਸੰਬੋਧਨ ਕਰਦਿਆਂ ਗੁਰਪ੍ਰੀਤ ਸਿੰਘ ਜੌਹਲ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਅਤੇ ਸੰਤੁਸ਼ਟੀ ਮਹਿਸੂਸ ਹੋ ਰਹੀ ਹੈ ਕਿ ਬੱਚਿਆਂ ਅਤੇ ਮਾਪਿਆਂ ਨੇ ਗੁਰਮਤਿ ਦੀ ਸਿੱਖਿਆ ਨਾਲ ਜੁੜਨ ਲਈ ਵੱਡੀ ਗਿਣਤੀ ਵਿਚ ਭਾਗ ਲਿਆ | ਉਨ੍ਹਾਂ ਕਿਹਾ ਕਿ ਕੈਂਪ ਦਾ ਮਕਸਦ ਸਿਰਫ਼ ਸੁੰਦਰ ਲਿਖਾਈ ਸਿਖਾਉਣਾ ਨਹੀਂ ਸੀ, ਸਗੋਂ ਬੱਚਿਆਂ ਨੂੰ ਗੁਰਮੁਖੀ, ਗੁਰਬਾਣੀ, ਸਿੱਖ ਇਤਿਹਾਸ ਅਤੇ ਸਿੱਖੀ ਦੇ ਉੱਚੇ ਮੁੱਲਾਂ ਨਾਲ ਜੋੜਨਾ ਵੀ ਸੀ | ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਅਜਿਹੇ ਕੈਂਪ ਬੱਚਿਆਂ ਨੂੰ ਮੋਬਾਈਲ ਅਤੇ ਹੋਰ ਆਧੁਨਿਕ ਸਾਧਨਾਂ ਦੇ ਪ੍ਰਭਾਵ ਤੋਂ ਦੂਰ ਕਰ ਕੇ ਗੁਰੂ ਘਰ ਅਤੇ ਆਪਣੇ ਅਮੀਰ ਵਿਰਸੇ ਨਾਲ ਜੋੜਨ ਦਾ ਮਹੱਤਵਪੂਰਨ ਸਾਧਨ ਬਣਦੇ ਹਨ | ਗੁਰਪ੍ਰੀਤ ਸਿੰਘ ਬਮਰਾ ਨੇ ਦੱਸਿਆ ਕਿ ਕੈਂਪ ਦੇ ਆਖ਼ਰੀ ਦਿਨ ਸੁੰਦਰ ਲਿਖਾਈ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਲਈ ਤਿੰਨ ਗਰੁੱਪ ਬਣਾਏ ਗਏ | ਪਹਿਲੇ ਗਰੁੱਪ (ਪਹਿਲੀ ਤੋਂ ਪੰਜਵੀਂ ਕਲਾਸ) ਵਿਚ ਮੁਸਕਾਨ ਕੌਰ ਪੁੱਤਰੀ ਜਸਵਿੰਦਰ ਸਿੰਘ ਨੇ ਪਹਿਲਾ, ਮੌਸਮੀ ਪੁੱਤਰੀ ਗੋਪਾਲ ਸਿੰਘ ਨੇ ਦੂਜਾ ਅਤੇ ਸੁਖਮਨ ਕੌਰ ਪੁੱਤਰੀ ਰੇਸ਼ਮ ਸਿੰਘ ਨੇ ਤੀਜਾ ਸਥਾਨ, ਦੂਜੇ ਗਰੁੱਪ (ਛੇਵੀਂ ਤੋਂ ਦਸਵੀਂ ਕਲਾਸ) ਵਿਚ ਨਵਜੋਤ ਕੌਰ ਪੁੱਤਰੀ ਰੇਸ਼ਮ ਸਿੰਘ ਨੇ ਪਹਿਲਾ, ਰਾਜ ਕੌਰ ਪੁੱਤਰੀ ਗੁਰਪ੍ਰੀਤ ਸਿੰਘ ਨੇ ਦੂਜਾ ਅਤੇ ਪ੍ਰਭਜੋਤ ਕੌਰ ਪੁੱਤਰੀ ਲਛਮਣ ਸਿੰਘ ਨੇ ਤੀਜਾ ਸਥਾਨ, ਤੀਜੇ (ਓਪਨ) ਗਰੁੱਪ ਵਿਚ ਪ੍ਰਦੀਪ ਕੁਮਾਰ ਪੁੱਤਰ ਸੁਦੇਸ਼ ਚੌਧਰੀ ਨੇ ਪਹਿਲਾ, ਨਵਜੋਤ ਕੌਰ ਪੁੱਤਰੀ ਬਲਜਿੰਦਰ ਸਿੰਘ ਨੇ ਦੂਜਾ ਅਤੇ ਗੁਰਲੀਨ ਕੌਰ ਪੁੱਤਰੀ ਬਲਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਸਮਾਗਮ ਦੌਰਾਨ ਖ਼ਾਲਸਾ ਸੇਵਾ ਸੋਸਾਇਟੀ ਦੇ ਮੁੱਖ ਸੇਵਾਦਾਰ ਪਰਮਜੋਤ ਸਿੰਘ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਦਿਆਂ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਪਹਿਲਾਂ ਇਸ ਤਰ੍ਹਾਂ ਦੇ ਕੈਂਪ ਮੁੱਖ ਤੌਰ 'ਤੇ ਸ਼ਹਿਰਾਂ ਵਿਚ ਲੱਗਦੇ ਸਨ, ਪਰ ਪਿੰਡ ਧੱਲੇ ਵਿਚ ਅਜਿਹਾ ਸਮਾਗਮ ਕਰਵਾ ਕੇ ਇਕ ਨਵੀਂ ਮਿਸਾਲ ਕਾਇਮ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਇਸ ਨਾਲ ਗੁਰਮੁਖੀ ਅਤੇ ਗੁਰਬਾਣੀ ਦਾ ਪਸਾਰ ਹੋਣ ਦੇ ਨਾਲ-ਨਾਲ ਸਮਾਜ ਵਿਚ ਭਾਈਚਾਰਾ ਵੀ ਮਜ਼ਬੂਤ ਹੋਵੇਗਾ | ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਤਰਸੇਮ ਸਿੰਘ ਰੱਤੀਆਂ ਵੀ ਉਚੇਚੇ ਤੌਰ 'ਤੇ ਹਾਜ਼ਰ ਰਹੇ | ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਬੱਚਿਆਂ ਨੂੰ ਗੁਰਮਤਿ, ਪੰਜਾਬੀ ਭਾਸ਼ਾ ਅਤੇ ਸਿੱਖ ਵਿਰਸੇ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ | ਕੈਂਪ ਦੌਰਾਨ ਪੰਜਾਬੀ ਅੱਖਰਕਾਰੀ ਦੇ ਮਾਹਿਰ ਗੁਰਪ੍ਰੀਤ ਸਿੰਘ ਸੋਢੀ ਨੇ ਚਾਰੇ ਦਿਨ ਬੱਚਿਆਂ ਨੂੰ ਸੁੰਦਰ ਲਿਖਾਈ ਦੀਆਂ ਤਕਨੀਕਾਂ ਬਾਰੇ ਵਿਸਥਾਰ ਨਾਲ ਜਾਣੂੰ ਕਰਵਾਇਆ | ਇਸ ਤੋਂ ਇਲਾਵਾ ਕੈਲੀਗ੍ਰਾਫੀ ਕਿੰਗ ਵਜੋਂ ਜਾਣੇ ਜਾਂਦੇ ਰਣਜੀਤ ਸਿੰਘ ਸੋਹਲ ਨੇ ਆਪਣੀ ਕਲਾ ਦੀਆਂ ਬਰੀਕੀਆਂ ਸਾਂਝੀਆਂ ਕੀਤੀਆਂ ਅਤੇ ਕੈਲੀਗ੍ਰਾਫੀ ਦੀ ਵਿਸ਼ੇਸ਼ ਪ੍ਰਦਰਸ਼ਨੀ ਵੀ ਲਗਾਈ | ਉਨ੍ਹਾਂ ਦੱਸਿਆ ਕਿ ਉਹ ਗੁਰਮੁਖੀ ਦੇ 35 ਅੱਖਰਾਂ ਨੂੰ 200 ਤੋਂ ਵੱਧ ਰੂਪਾਂ ਵਿਚ ਲਿਖ ਚੁੱਕੇ ਹਨ | ਇਸ ਮੌਕੇ ਮਾਸਟਰ ਬੂਟਾ ਸਿੰਘ, ਮਾਸਟਰ ਰੁਪਿੰਦਰ ਸਿੰਘ, ਮੈਡਮ ਸੁਖਮੰਦਰ ਕੌਰ ਅਤੇ ਮਾਸਟਰ ਪਵਨਜੀਤ ਸਿੰਘ ਨੇ ਵੀ ਬੱਚਿਆਂ ਨੂੰ ਅੱਖਰਕਾਰੀ ਦੀ ਕਲਾ ਬਾਰੇ ਜਾਣਕਾਰੀ ਦਿੱਤੀ | ਗੁਰਜੰਟ ਸਿੰਘ ਜੌਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਵਿਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਸਕੂਲ ਵਿਚ ਵਰਤੋਂ ਲਈ ਲੋੜੀਂਦੀਆਂ ਸਿੱਖਿਆ ਕਿੱਟਾਂ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਉਨ੍ਹਾਂ ਕਿਹਾ ਕਿ ਬੱਚਿਆਂ ਦੀ ਹੌਸਲਾ-ਅਫ਼ਜ਼ਾਈ ਲਈ ਇਹ ਉਪਰਾਲਾ ਕੀਤਾ ਗਿਆ ਹੈ ਤਾਂ ਜੋ ਉਹ ਭਵਿੱਖ ਵਿਚ ਵੀ ਗੁਰਮਤਿ, ਗੁਰਮੁਖੀ ਅਤੇ ਸੁੰਦਰ ਲਿਖਾਈ ਨਾਲ ਜੁੜੇ ਰਹਿਣ | ਅੰਤ ਵਿਚ ਗੁਰਪ੍ਰੀਤ ਸਿੰਘ ਬਮਰਾ (ਸਾਬਕਾ ਮੈਂਬਰ ਪੰਚਾਇਤ) ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦਿਆਂ ਸਮੂਹ ਸਹਿਯੋਗੀਆਂ, ਮਾਪਿਆਂ ਅਤੇ ਬੱਚਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਗੁਰਚਰਨ ਸਿੰਘ ਜੌਹਰ, ਅਮਰਿੰਦਰ ਸਿੰਘ, ਈਸ਼ਵਰ ਸਿੰਘ, ਕਰਨਦੀਪ ਸਿੰਘ, ਪਰਮਿੰਦਰ ਸਿੰਘ, ਗੁਰਜੰਟ ਸਿੰਘ ਜੌਹਲ, ਰਾਮਾ ਸਿੰਘ, ਜੋਧ ਸਿੰਘ, ਕਮੇਟੀ ਮੈਂਬਰ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਨਸ਼ੇ ਵਾਲਾ ਟੀਕਾ ਲਗਾਉਂਦੇ ਨੌਜਵਾਨ ਦੀ ਵਾਇਰਲ ਵੀਡੀਓ ਨੇ ਮਚਾਈ ਖਲਬਲੀ ਅਗਲੀ ਖ਼ਬਰ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਦੇ ਤਿੰਨ ਵਿਦਿਆਰਥੀਆਂ ਦੀ ਨੌਕਰੀਆਂ ਲਈ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।