ਮੋਗਾ, 7 ਜੂਨ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਦਿਵਯ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ 12ਵੇਂ ਵਿਸ਼ਵ ਯੋਗ ਦਿਵਸ ਮੌਕੇ ਦੁਸਾਂਝ ਰੋਡ ਸਥਿਤ ਸਥਾਨਕ ਆਸ਼ਰਮ ਵਿਖੇ ਸਿਹਤ ਜਾਗਰੂਕਤਾ ਪ੍ਰੋਗਰਾਮ ਤਹਿਤ ਵਿਸ਼ਾਲ ਵਿਲੱਖਣ ਯੋਗ ਕੈਂਪ ਲਾਇਆ ਗਿਆ ਜਿਸ ਵਿਚ ਸੰਸਥਾਨ ਵਲੋਂ ਆਸ਼ੂਤੋਸ਼ ਮਹਾਰਾਜ ਦੇ ਸ਼ਿਸ਼ ਸਵਾਮੀ ਵਿਗਿਆਨਾਨੰਦ ਨੇ ਕਿਹਾ ਕਿ ਵਧਦੇ ਸ਼ਹਿਰੀਕਰਨ, ਪ੍ਰਦੂਸ਼ਣ, ਅਨਿਯਮਿਤ ਖ਼ੁਰਾਕ ਅਤੇ ਉਦਯੋਗੀਕਰਨ ਕਾਰਨ ਰੁੱਖਾਂ ਦੀ ਕਟਾਈ ਨੇ ਕੁਦਰਤੀ ਅਸੰਤੁਲਨ ਦੀ ਸਥਿਤੀ ਪੈਦਾ ਕਰ ਦਿੱਤੀ ਹੈ, ਜਦੋਂ ਕਿ ਪ੍ਰਦੂਸ਼ਿਤ ਹਵਾ ਵਿਚ ਸਾਹ ਲੈਣਾ ਵੀ ਮੁਸ਼ਕਿਲ ਹੋ ਗਿਆ ਹੈ ਜਿਸ ਕਾਰਨ ਦਿਲ ਨਾਲ ਸਬੰਧਿਤ ਬਿਮਾਰੀਆਂ ਦੇ ਨਾਲ-ਨਾਲ ਸ਼ੂਗਰ, ਟੀ.ਬੀ., ਕੈਂਸਰ, ਡੇਂਗੂ, ਚਿਕਨਗੁਨੀਆ ਅਤੇ ਕਈ ਤਰ੍ਹਾਂ ਦੇ ਵਾਇਰਲ ਬੁਖ਼ਾਰ ਵੀ ਵੱਧ ਰਹੇ ਹਨ | ਉਨ੍ਹਾਂ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਵਿਗਿਆਨ ਦੀ ਮਦਦ ਨਾਲ ਆਧੁਨਿਕ ਡਾਕਟਰੀ ਪ੍ਰਣਾਲੀ ਆਪਣੇ ਸਿਖਰ 'ਤੇ ਪਹੁੰਚ ਗਈ ਹੈ, ਪਰ ਅਜੇ ਵੀ ਬਹੁਤ ਸਾਰੀਆਂ ਬਿਮਾਰੀਆਂ ਹਨ ਜਿਨ੍ਹਾਂ ਦਾ ਹੱਲ ਆਧੁਨਿਕ ਡਾਕਟਰੀ ਪ੍ਰਣਾਲੀ ਵਿਚ ਨਹੀਂ ਬਲਕਿ ਭਾਰਤੀ ਵੈਦਿਕ ਯੋਗ ਦਰਸ਼ਨ ਵਿਚ ਹੈ |