ਧਰਮਕੋਟ, 10 ਜੂਨ (ਪਰਮਜੀਤ ਸਿੰਘ)-ਕਿਸਾਨਾਂ ਦੇ ਖੇਤਾਂ ਵਿਚੋਂ ਮੋਟਰਾਂ ਦੇ ਕੇਬਲ, ਬਿਜਲੀ ਤਾਰਾਂ ਅਤੇ ਟਰਾਂਸਫ਼ਾਰਮਰਾਂ ਦੀਆਂ ਲਗਾਤਾਰ ਵੱਧ ਰਹੀਆਂ ਚੋਰੀਆਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਪੰਜਾਬ, ਜ਼ਿਲ੍ਹਾ ਮੋਗਾ ਦੀ ਟੀਮ ਵਲੋਂ ਧਰਮਕੋਟ ਸ਼ਹਿਰ ਦੇ ਕਬਾੜ ਖ਼ਰੀਦਣ ਵਾਲੇ ਦੁਕਾਨਦਾਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ | ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਬਹਿਰਾਮ ਕੇ, ਮੁੱਖ ਪ੍ਰਚਾਰ ਸਕੱਤਰ ਸੁਰਜੀਤ ਸਿੰਘ ਰੰਧਾਵਾ, ਬਲਾਕ ਪ੍ਰਧਾਨ ਮਨਦੀਪ ਸਿੰਘ ਮੰਨਾ ਅਤੇ ਬਾਪੂ ਫਤਿਹ ਸਿੰਘ ਭਿੰਡਰ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਦੁਕਾਨਦਾਰਾਂ ਨੂੰ ਚੋਰੀ ਦੇ ਸਮਾਨ ਦੀ ਖ਼ਰੀਦੋ-ਫ਼ਰੋਖ਼ਤ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਗਈ | ਆਗੂਆਂ ਨੇ ਕਿਹਾ ਕਿ ਚਿੱਟੇ ਅਤੇ ਹੋਰ ਨਸ਼ਿਆਂ ਦੇ ਆਦੀ ਨੌਜਵਾਨ ਰਾਤ ਦੇ ਸਮੇਂ ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲ ਕੱਟ ਕੇ ਚੋਰੀ ਕਰ ਲੈਂਦੇ ਹਨ, ਬਿਜਲੀ ਦੇ ਖੰਭਿਆਂ ਤੋਂ ਤਾਰਾਂ ਉਤਾਰ ਲੈਂਦੇ ਹਨ ਅਤੇ ਕਈ ਥਾਵਾਂ 'ਤੇ ਟਰਾਂਸਫ਼ਾਰਮਰ ਵੀ ਚੋਰੀ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਮੌਸਮ ਦੀ ਮਾਰ, ਵੱਧ ਬਾਰਸ਼, ਗਰਮੀ ਅਤੇ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ, ਜਦ ਕਿ ਚੋਰੀਆਂ ਦੀਆਂ ਘਟਨਾਵਾਂ ਨੇ ਉਸ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ | ਜਥੇਬੰਦੀ ਦੇ ਆਗੂਆਂ ਨੇ ਕਬਾੜੀਆਂ ਅਤੇ ਭਾਂਡੇ ਵੇਚਣ ਵਾਲੇ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਸ਼ੱਕੀ ਜਾਂ ਚੋਰੀ ਦਾ ਸਾਮਾਨ ਨਾ ਖ਼ਰੀਦਣ ਅਤੇ ਅਜਿਹੀ ਕੋਈ ਜਾਣਕਾਰੀ ਮਿਲਣ 'ਤੇ ਤੁਰੰਤ ਪੁਲਿਸ ਜਾਂ ਜਥੇਬੰਦੀ ਨੂੰ ਸੂਚਿਤ ਕਰਨ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਦੁਕਾਨਦਾਰ ਚੋਰੀ ਦਾ ਸਮਾਨ ਖ਼ਰੀਦਦਾ ਹੋਇਆ ਫੜਿਆ ਗਿਆ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ | ਇਸ ਮੌਕੇ ਸੁਖਵਿੰਦਰ ਸਿੰਘ ਕਾਲਾ, ਭਗਵੰਤ ਸਿੰਘ ਭਿੰਡਰ, ਬਲਦੇਵ ਸਿੰਘ ਕਿਸ਼ਨਪੁਰਾ, ਗੁਰਸੇਵਕ ਸਿੰਘ ਕਿਸ਼ਨਪੁਰਾ, ਮਨੀਸ਼ ਕੁਮਾਰ, ਮਨਜੀਤ ਸਿੰਘ, ਅਵਤਾਰ ਸਿੰਘ, ਦੀਪ ਸਿੰਘ ਹੈਪੀ ਅਤੇ ਜਸਪਾਲ ਸਿੰਘ ਪੱਪੂ ਸਮੇਤ ਹੋਰ ਹਾਜ਼ਰ ਸਨ |