ਕਿਸ਼ਨਪੁਰਾ ਕਲਾਂ, 10 ਜੂਨ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਨੇੜਲੇ ਪਿੰਡ ਗੱਟੀ ਜੱਟਾਂ ਵਿਚ ਇਕ ਦਰਦਨਾਕ ਹਾਦਸੇ ਦੌਰਾਨ 30 ਸਾਲਾ ਨੌਜਵਾਨ ਰਸੀਲਾ ਦੀ ਮੌਤ ਹੋ ਗਈ | ਮਿ੍ਤਕ ਰਸੀਲਾ ਆਪਣੇ ਹੀ ਪਿੰਡ ਦੇ ਜ਼ਿਮੀਂਦਾਰ ਗੁਰਭੇਜ ਸਿੰਘ ਕੋਲ ਮੱਕੀ ਦਾ ਆਚਾਰ (ਸਾਇਲੇਜ) ਬਣਾਉਣ ਵਾਲੀ ਮਸ਼ੀਨ 'ਤੇ ਕੰਮ ਕਰਦਾ ਸੀ | ਜਾਣਕਾਰੀ ਮੁਤਾਬਿਕ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਗੁਰਭੇਜ ਸਿੰਘ ਅਤੇ ਰਸੀਲਾ ਟਰੈਕਟਰ ਨਾਲ ਚੱਲਣ ਵਾਲੀ ਮਸ਼ੀਨ ਰਾਹੀਂ ਮੱਕੀ ਦਾ ਆਚਾਰ ਤਿਆਰ ਕਰ ਰਹੇ ਸਨ | ਗੁਰਭੇਜ ਸਿੰਘ ਨੇ ਦੱਸਿਆ ਕਿ ਉਹ ਖ਼ੁਦ ਵੀ ਮੌਕੇ 'ਤੇ ਮੌਜੂਦ ਸੀ ਅਤੇ ਰਸੀਲਾ ਟਰੈਕਟਰ ਚਲਾ ਰਿਹਾ ਸੀ | ਇਸ ਦੌਰਾਨ ਅਚਾਨਕ ਮਸ਼ੀਨ ਵਿਚ ਮੱਕੀ ਦਾ ਗਾਲ਼ਾ ਫਸ ਗਿਆ | ਗਾਲੇ ਨੂੰ ਅੱਗੇ ਕਰਨ ਲਈ ਰਸੀਲਾ ਟਰੈਕਟਰ ਤੋਂ ਹੇਠਾਂ ਉਤਰਿਆ ਅਤੇ ਮਸ਼ੀਨ ਦੇ ਨੇੜੇ ਗਿਆ | ਇਸ ਦੌਰਾਨ ਅਚਾਨਕ ਉਸ ਦਾ ਪੈਰ ਮੱਕੀ ਦੇ ਟਾਂਡਿਆਂ ਵਿਚ ਫਸ ਗਿਆ ਅਤੇ ਚੱਲ ਰਹੀ ਮਸ਼ੀਨ ਨੇ ਉਸ ਨੂੰ ਆਪਣੀ ਲਪੇਟ ਵਿਚ ਲੈ ਲਿਆ | ਗੁਰਭੇਜ ਸਿੰਘ ਅਨੁਸਾਰ ਉਸ ਨੇ ਤੁਰੰਤ ਮਸ਼ੀਨ ਬੰਦ ਕਰ ਦਿੱਤੀ, ਪਰ ਉਦੋਂ ਤੱਕ ਕਾਫ਼ੀ ਦੇਰ ਹੋ ਚੁੱਕੀ ਸੀ | ਮਸ਼ੀਨ ਰਸੀਲੇ ਦੇ ਸਰੀਰ ਨੂੰ ਧੜ ਤੋਂ ਹੇਠਾਂ ਤੱਕ ਆਪਣੇ ਅੰਦਰ ਖਿੱਚ ਚੁੱਕੀ ਸੀ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਹਾਦਸੇ ਤੋਂ ਬਾਅਦ ਗੁਰਭੇਜ ਸਿੰਘ ਨੇ ਰੌਲਾ ਪਾਇਆ, ਜਿਸ 'ਤੇ ਪਿੰਡ ਵਾਸੀ ਵੱਡੀ ਗਿਣਤੀ ਵਿਚ ਮੌਕੇ 'ਤੇ ਇਕੱਠੇ ਹੋ ਗਏ | ਪਿੰਡ ਵਾਸੀਆਂ ਦੀ ਮਦਦ ਨਾਲ ਮਿ੍ਤਕ ਦੀ ਦੇਹ ਨੂੰ ਮਸ਼ੀਨ ਵਿਚੋਂ ਬਾਹਰ ਕੱਢਿਆ ਗਿਆ ਅਤੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ | ਗੁਰਭੇਜ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ ਅਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਆਪਣੀ ਕਾਰਵਾਈ ਆਰੰਭ ਕਰ ਦਿੱਤੀ ਹੈ | ਇਹ ਦੁਖਦਾਈ ਘਟਨਾ ਪਿੰਡ ਗੱਟੀ ਜੱਟਾਂ ਦੇ ਨਾਲ ਲੱਗਦੇ ਪਿੰਡਾਂ ਵਿਚ ਵਾਪਰੀ ਘਟਨਾ ਨਾਲ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ |