ਬਾਘਾ ਪੁਰਾਣਾ, 10 ਜੂਨ (ਟਿੰਕੂ ਕਾਠਪਾਲ)-ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਭਰ ਦੇ 67 ਵਿਧਾਨ ਸਭਾ ਹਲਕਿਆਂ ਵਿਚ ਵਪਾਰੀ ਵਰਗ ਦੇ ਪ੍ਰਧਾਨਾਂ ਦੀ ਸੂਚੀ ਜਾਰੀ ਕੀਤੀ ਗਈ ਹੈ, ਜਿਸ ਵਿਚ ਬਾਘਾ ਪੁਰਾਣਾ ਹਲਕੇ ਤੋਂ ਪਾਰਟੀ ਦੇ ਸੀਨੀਅਰ ਅਤੇ ਸਰਗਰਮ ਆਗੂ ਪਵਨ ਗੋਇਲ ਨੂੰ ਵਪਾਰਕ ਮੰਡਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸ ਨਿਯੁਕਤੀ ਨਾਲ ਇਲਾਕੇ ਦੇ ਵਪਾਰੀਆਂ ਅਤੇ ਪਾਰਟੀ ਵਰਕਰਾਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਪਈ ਹੈ | ਪਾਰਟੀ ਹਾਈਕਮਾਂਡ ਵਲੋਂ ਦਿੱਤੀ ਗਈ ਇਸ ਮਹੱਤਵਪੂਰਨ ਜ਼ਿੰਮੇਵਾਰੀ ਨੂੰ ਅਕਾਲੀ ਵਰਕਰਾਂ ਵਲੋਂ ਪਵਨ ਗੋਇਲ ਦੀ ਲੰਬੇ ਸਮੇਂ ਦੀ ਸੇਵਾ ਅਤੇ ਨਿਸ਼ਠਾ ਦਾ ਸਨਮਾਨ ਮੰਨਿਆਂ ਜਾ ਰਿਹਾ ਹੈ | ਵਰਕਰਾਂ ਦਾ ਕਹਿਣਾ ਹੈ ਕਿ ਪਵਨ ਗੋਇਲ ਹਮੇਸ਼ਾ ਪਾਰਟੀ ਦੀਆਂ ਨੀਤੀਆਂ ਅਤੇ ਕੰਮਾਂ ਘਰ ਘਰ ਤੱਕ ਪਹੁੰਚਾਉਣ ਵਿਚ ਅੱਗੇ ਰਹੇ ਹਨ ਅਤੇ ਸੰਗਠਨ ਨੂੰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਆਏ ਹਨ | ਸਿਆਸੀ ਵਿਸ਼ਲੇਸ਼ਕਾਂ ਦੇ ਅਨੁਸਾਰ, ਇਹ ਨਿਯੁਕਤੀ ਹਲਕੇ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸੰਗਠਨਾਤਮਕ ਮਜ਼ਬੂਤੀ ਨੂੰ ਵਧਾਏਗੀ ਅਤੇ ਵਪਾਰੀ ਵਰਗ ਨੂੰ ਪਾਰਟੀ ਨਾਲ ਹੋਰ ਮਜ਼ਬੂਤੀ ਨਾਲ ਜੋੜੇਗੀ | ਖ਼ਾਸ ਕਰਕੇ ਆਉਣ ਵਾਲੇ ਸਮੇਂ ਵਿਚ ਇਹ ਫ਼ੈਸਲਾ ਪਾਰਟੀ ਲਈ ਲਾਭਦਾਇਕ ਸਾਬਤ ਹੋ ਸਕਦਾ ਹੈ | ਨਿਯੁਕਤੀ ਤੋਂ ਬਾਅਦ ਪਵਨ ਗੋਇਲ ਨੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹਲਕਾ ਇੰਚਾਰਜ ਜਥੇਦਾਰ ਤੀਰਥ ਸਿੰਘ ਮਾਹਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਵਲੋਂ ਉਨ੍ਹਾਂ 'ਤੇ ਕੀਤੇ ਗਏ ਭਰੋਸੇ ਨੂੰ ਕਦੇ ਟੁੱਟਣ ਨਹੀਂ ਦੇਣਗੇ | ਉਨ੍ਹਾਂ ਨੇ ਦੱਸਿਆ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ, ਸਮਰਪਣ ਅਤੇ ਤਨਦੇਹੀ ਨਾਲ ਨਿਭਾਉਣਗੇ | ਪਵਨ ਗੋਇਲ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹਰ ਵਰਗ ਦੀ ਆਵਾਜ਼ ਬਣ ਕੇ ਖੜਿਆ ਹੈ ਅਤੇ ਵਪਾਰੀ ਵਰਗ ਦੇ ਹਿਤਾਂ ਦੀ ਰਾਖੀ ਲਈ ਲਗਾਤਾਰ ਸੰਘਰਸ਼ ਕਰਦਾ ਆ ਰਿਹਾ ਹੈ | ਉਨ੍ਹਾਂ ਨੇ ਪਾਰਟੀ ਵਰਕਰਾਂ ਅਤੇ ਵਪਾਰੀ ਭਾਈਚਾਰੇ ਨੂੰ ਇਕਜੁੱਟ ਹੋ ਕੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਦੀ ਅਪੀਲ ਕੀਤੀ | ਇਸ ਮੌਕੇ ਕਈ ਸਥਾਨਕ ਆਗੂਆਂ ਅਤੇ ਵਪਾਰੀਆਂ ਨੇ ਪਵਨ ਗੋਇਲ ਨੂੰ ਵਧਾਈ ਦਿੱਤੀ ਅਤੇ ਉਮੀਦ ਜਤਾਈ ਕਿ ਉਹ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਸਫਲਤਾਪੂਰਵਕ ਨਿਭਾਉਣਗੇ ਅਤੇ ਵਪਾਰੀ ਵਰਗ ਦੀ ਆਵਾਜ਼ ਨੂੰ ਉੱਚੇ ਪੱਧਰ ਤੱਕ ਲੈ ਕੇ ਜਾਣਗੇ |