01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਨਗਰ ਨਿਗਮ ਮੋਗਾ ਮੇਅਰ ਦੀ ਚੋਣ 'ਤੇ ਸ਼ਹਿਰ ਵਾਸੀਆਂ ਦੀਆਂ ਟਿਕੀਆਂ ਨਜ਼ਰਾਂ

ਅਜੀਤ ਡੈਸਕ 11-06-2026
ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ
ਮੋਗਾ, 10 ਜੂਨ-ਨਗਰ ਨਿਗਮ ਮੋਗਾ ਦੀ ਚੋਣ ਜੋ ਕਿ 26 ਮਈ ਨੂੰ ਹੋਈ ਸੀ ਤੇ ਇਸ ਚੋਣ ਵਿਚ ਇਕ ਲੱਖ 30 ਹਜ਼ਾਰ ਦੇ ਕਰੀਬ ਵੋਟਰਾਂ ਨੇ 50 ਕੌਂਸਲਰਾਂ ਦੀ ਚੋਣ ਲਈ ਆਪਣੇ ਵੋਟ ਦਾ ਇਸਤੇਮਾਲ ਕੀਤਾ ਸੀ ਤੇ ਇਸ ਦੇ ਨਤੀਜੇ 29 ਮਈ ਨੂੰ ਐਲਾਨੇ ਗਏ ਸਨ ਜਿਸ ਵਿਚ ਸੱਤਾਧਾਰੀ ਪਾਰਟੀ ਦੇ 30 ਕੌਂਸਲਰ ਜਦ ਕਿ ਕਾਂਗਰਸ ਪਾਰਟੀ ਦੇ 7, ਸ਼੍ਰੋਮਣੀ ਅਕਾਲੀ ਦਲ 3, ਭਾਜਪਾ 3 ਅਤੇ 7 ਆਜ਼ਾਦ ਉਮੀਦਵਾਰ ਜੇਤੂ ਰਹੇ ਸਨ | ਹੁਣ ਅੱਜ 11 ਜੂਨ ਨੂੰ ਨਗਰ ਨਿਗਮ ਮੋਗਾ ਦੀ ਮੇਅਰ ਦੀ ਚੋਣ ਡਿਪਟੀ ਕਮਿਸ਼ਨਰ ਦੇ ਮੀਟਿੰਗ ਹਾਲ ਵਿਚ ਸਵੇਰੇ 11 ਵਜੇ ਕੀਤੀ ਜਾਣੀ ਹੈ ਜਿਸ 'ਤੇ ਸ਼ਹਿਰ ਵਾਸੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ | ਐਤਕੀਂ ਪਹਿਲੀ ਵਾਰ ਨਗਰ ਨਿਗਮ ਮੋਗਾ ਦਾ ਮੇਅਰ ਬੀ.ਸੀ. ਸ਼੍ਰੇਣੀ ਵਿਚੋਂ ਹੋਵੇਗਾ | ਸੱਤਾਧਾਰੀ ਪਾਰਟੀ ਦੇ ਦੋ ਕੌਂਸਲਰ ਬੀ.ਸੀ. ਸ਼੍ਰੇਣੀ ਨਾਲ ਸਬੰਧਿਤ ਹਨ ਜਿਨ੍ਹਾਂ ਵਿਚੋਂ ਵਾਰਡ ਨੰਬਰ 8 ਤੋਂ ਵਿਨੇਪਾਲ ਕੌਰ ਦੌਧਰੀਆ ਤੇ ਵਾਰਡ ਨੰਬਰ 10 ਤੋਂ ਵਿਕਰਮਜੀਤ ਸਿੰਘ ਘਾਤੀ ਹਨ ਜੋ ਕਿ ਹੁਣ ਦੂਸਰੀ ਵਾਰ ਕੌਂਸਲਰ ਚੁਣੇ ਗਏ ਹਨ | ਇਸ ਲਈ ਇਨ੍ਹਾਂ ਦੋਵਾਂ ਉਮੀਦਵਾਰਾਂ ਵਿਚੋਂ ਇਕ ਦਾ ਮੇਅਰ ਬਣਨਾ ਤੈਅ ਹੈ | ਜੇਕਰ ਸਨਿਉਰਿਟੀ ਵੇਖੀ ਜਾਵੇ ਤਾਂ ਵਿਕਰਮਜੀਤ ਸਿੰਘ ਘਾਤੀ ਮੇਅਰ ਦੇ ਅਸਲੀ ਦਾਅਵੇਦਾਰ ਹੋ ਸਕਦੇ ਹਨ ਤੇ ਆਪ ਪਾਰਟੀ ਦੇ ਮੋਗਾ ਫਾਊਾਡਰਾਂ ਦਾ ਆਖਣਾ ਹੈ ਕਿ ਵਿਕਰਮਜੀਤ ਸਿੰਘ ਘਾਤੀ ਪਾਰਟੀ ਦੇ ਵਫ਼ਾਦਾਰ, ਤਜਰਬੇਕਾਰ ਤੇ ਬੇਦਾਗ਼ ਕੌਂਸਲਰ ਹਨ ਜਦ ਕਿ ਦੂਸਰੇ ਪਾਸੇ ਮੇਅਰ ਦਾਅਵੇਦਾਰ ਵਿਨੇਪਾਲ ਕੌਰ ਜੋ ਕਿ ਪਹਿਲੀ ਵਾਰ ਚੋਣ ਜਿੱਤੇ ਹਨ ਤੇ ਉਹ ਵੀ ਪੜ੍ਹੇ ਲਿਖੇ, ਇਮਾਨਦਾਰ ਤੇ ਸਾਊ ਸੁਭਾਅ ਦੇ ਮਾਲਕ ਸਨ | ਹੁਣ ਵੇਖਣਾ ਇਹ ਹੋਵੇਗਾ ਕਿ ਸੱਤਾਧਾਰੀ ਪਾਰਟੀ ਕਿਸ ਦੇ ਸਿਰ 'ਤੇ ਮੇਅਰ ਦਾ ਤਾਜ ਸਜਾਉਂਦੀ ਹੈ | ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਮੋਗਾ ਮੇਅਰ ਬੀ.ਸੀ. ਸ਼੍ਰੇਣੀ ਦੇ ਹੋਣ ਨਾਲ ਜਨਰਲ ਸ਼੍ਰੇਣੀ ਤੇ ਐਸ.ਸੀ. ਸ਼੍ਰੇਣੀ ਦੇ ਦਾਅਵੇਦਾਰਾਂ ਵਿਚ ਵੀ ਨਿਰਾਸ਼ਾ ਦਾ ਆਲਮ ਹੈ ਕਿਉਂਕਿ ਜਨਰਲ ਸ਼ੇ੍ਰਣੀ ਦੇ ਕੌਂਸਲਰ ਜਿਨ੍ਹਾਂ ਕੋਲ ਬਹੁਤ ਵੱਡਾ ਤਜਰਬਾ ਸੀ ਤੇ ਬਹੁਤੇ ਕੌਂਸਲਰ ਕਈ ਵਾਰ ਲਗਾਤਾਰ ਜਿੱਤਦੇ ਆਏ ਸਨ | ਸੂਤਰਾਂ ਮੁਤਾਬਿਕ ਅੱਜ 11 ਜੂਨ ਨੂੰ ਜਿੱਥੇ ਕੌਂਸਲਰਾਂ ਨੂੰ ਸਹੁੰ ਚੁਕਾਈ ਜਾਵੇਗੀ ਉੱਥੇ ਸਿਰਫ਼ ਮੇਅਰ ਦੀ ਚੋਣ ਹੀ ਕੀਤੀ ਜਾਣੀ ਹੈ ਜਦ ਕਿ ਅੱਜ ਹੋਣ ਵਾਲੀ ਮੀਟਿੰਗ ਵਿਚ ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ ਤੇ ਐਫ.ਐਨ.ਸੀ. ਦੀ ਚੋਣ ਨਹੀਂ ਹੋਵੇਗੀ | ਇਸ ਸਬੰਧੀ ਜਦੋਂ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਤੇ ਸੀਨੀਅਰ ਐਡਵੋਕੇਟ ਰਮੇਸ਼ ਗਰੋਵਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਿਊਾਸੀਪਲ ਐਕਟ ਮੁਤਾਬਿਕ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਤੋਂ ਬਗੈਰ ਹਾਊਸ ਅਧੂਰਾ ਹੈ ਤੇ ਇਸ ਲਈ ਕੋਰਮ ਪੂਰਾ ਕਰਨ ਲਈ ਉਨ੍ਹਾਂ ਦੀ ਚੋਣ ਵੀ ਜ਼ਰੂਰੀ ਹੈ ਤਾਂ ਜੋ ਚੋਣ ਸਹੀ ਢੰਗ ਨਾਲ ਐਕਟ ਮੁਤਾਬਿਕ ਹੋ ਸਕੇ ਨਹੀਂ ਤਾਂ ਕਿਸੇ ਸਮੇਂ ਵੀ ਕਾਨੂੰਨ ਦੀ ਉਲੰਘਣਾ ਕਰ ਕੇ ਇਸ ਨੂੰ ਚੈਲੰਜ ਵੀ ਕੀਤਾ ਜਾ ਸਕਦਾ ਹੈ | ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਹਰੀ ਸਿੰਘ ਖਾਈ ਨੇ ਕਿਹਾ ਕਿ ਸਰਕਾਰ ਦੇ ਮਨ ਵਿਚ ਪਾਪ ਹੈ, ਇਸ ਲਈ ਉਹ ਇਕੱਲੇ ਮੇਅਰ ਦੀ ਚੋਣ ਹੀ ਕਰਵਾ ਰਹੀ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਇਕ ਲੱਖ 30 ਹਜ਼ਾਰ ਵੋਟਰਾਂ ਨਾਲ ਖਿਲਵਾੜ ਕੀਤਾ ਗਿਆ ਤੇ ਹੁਣ ਮੋਗਾ ਨਗਰ ਨਿਗਮ ਨੂੰ ਬੀ.ਸੀ. ਸ਼੍ਰੇਣੀ ਕਰ ਕੇ ਚੁਣੇ ਗਏ ਕੌਂਸਲਰਾਂ ਨਾਲ ਵੀ ਖਿਲਵਾੜ ਕੀਤਾ ਗਿਆ ਹੈ ਤੇ ਸੱਤਾਧਾਰੀ ਪਾਰਟੀ ਨੇ ਚੋਣਾਂ ਜਿੱਤੀਆਂ ਨਹੀਂ, ਲੁੱਟੀਆਂ ਹਨ ਤੇ ਚੋਣ ਜਿੱਤਣ ਲਈ ਹਰ ਹਰਬਾ ਸੱਤਾਧਾਰੀ ਪਾਰਟੀ ਵਲੋਂ ਵਰਤਿਆ ਗਿਆ ਹੈ ਤੇ ਹੁਣ ਸਰਕਾਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਨਾ ਕਰਵਾ ਕੇ ਇਸ ਨੂੰ ਲਮਕਾ ਰਹੀ ਹੈ | ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੰਜੀਤ ਸਿੰਘ ਸਨੀ ਗਿੱਲ ਨੇ ਅੱਜ ਹੋ ਰਹੀ ਮੇਅਰ ਦੀ ਚੋਣ ਸਬੰਧੀ ਆਪਣੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਮਿਊਾਸੀਪਲ ਐਕਟ ਦੇ ਖ਼ਿਲਾਫ਼ ਹੈ ਜਦੋਂ ਕਿ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਐਕਟ ਮੁਤਾਬਿਕ ਹੋਣੀ ਚਾਹੀਦੀ ਸੀ ਪਰ ਸਰਕਾਰ ਅਜਿਹਾ ਨਾ ਕਰ ਕੇ ਸ਼ਹਿਰ ਵਾਸੀਆਂ ਨਾਲ ਧੋਖਾ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਇਹ ਚੋਣਾਂ ਨਹੀਂ ਰਹੀਆਂ ਕਿਉਂਕਿ ਸੱਤਾਧਾਰੀ ਸਰਕਾਰ ਨੇ ਆਪਣੇ ਜ਼ੋਰ 'ਤੇ ਇਹ ਚੋਣਾਂ ਧੱਕੇਸ਼ਾਹੀ ਕਰ ਕੇ ਜਿੱਤੀਆਂ ਹਨ ਤੇ ਇੱਥੋਂ ਤੱਕ ਕਿ ਵੋਟ ਬਕਸਿਆਂ ਦੀਆਂ ਸੀਲਾਂ ਟੁੱਟੀਆਂ ਮਿਲੀਆਂ ਤੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਜਾਣਬੁੱਝ ਕੇ ਹਰਾਇਆ ਗਿਆ ਤਾਂ ਕਿ ਨਗਰ ਨਿਗਮ 'ਤੇ ਕਬਜ਼ਾ ਕੀਤਾ ਜਾ ਸਕੇ | ਇਸ ਸਬੰਧੀ ਸਿਵਲ ਸੁਸਾਇਟੀ ਮੋਗਾ ਦੇ ਮੁੱਖ ਸਲਾਹਕਾਰ ਅਜੇ ਸੂਦ ਗੋਰਾ ਨੇ ਕਿ ਨਗਰ ਨਿਗਮ ਦੀ ਚੋਣ ਮਿਊਾਸੀਪਲ ਕਾਰਪੋਰੇਸ਼ਨ ਐਕਟ 1976 ਅਨੁਸਾਰ ਸੈਕਸ਼ਨ 38 ਵਿਚ ਹੋਣੀ ਜ਼ਰੂਰੀ ਹੁੰਦੀ ਹੈ ਤੇ ਉਸ ਵਿਚ ਵੀ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਕਰਵਾਉਣੀ ਵੀ ਲਾਜ਼ਮੀ ਹੁੰਦੀ ਹੈ ਤੇ ਨਾਲ ਹੀ ਦੋ ਐਫ.ਐਮ.ਸੀ. ਮੈਂਬਰਾਂ ਨੂੰ ਵੀ ਚੁਣਿਆ ਜਾਣਾ ਹੁੰਦਾ ਹੈ ਤਾਂ ਜਾ ਕੇ ਹਾਊਸ ਪੂਰਾ ਹੁੰਦਾ ਹੈ | ਜੇਕਰ ਅਜਿਹਾ ਨਾ ਹੋਇਆ ਤਾਂ ਇਹ ਜਿੱਥੇ ਨਗਰ ਨਿਗਮ ਐਕਟ ਦੀ ਉਲੰਘਣਾ ਹੋਵੇਗੀ ਉੱਥੇ ਸ਼ਹਿਰ ਵਾਸੀਆਂ ਨਾਲ ਵੀ ਬੇਇਨਸਾਫ਼ੀ ਹੋਵੇਗੀ | ਹੁਣ ਦੇਖਣਾ ਇਹ ਹੋਵੇਗਾ ਕਿ ਅੱਜ ਮੇਅਰ ਦੀ ਚੋਣ ਵਿਚ ਮੇਅਰ ਦਾ ਤਾਜ ਵਿਨੇਪਾਲ ਕੌਰ ਦੌਧਰੀਆ ਜਾਂ ਵਿਕਰਮਜੀਤ ਸਿੰਘ ਘਾਤੀ ਦੇ ਸਿਰ ਸਜਦਾ ਹੈ |
ਪਿਛਲੀ ਖ਼ਬਰ ਸਰਕਾਰ ਵਲੋਂ ਪਨਬੱਸ ਵਿਚ ਕਿੱਲੋਮੀਟਰ ਬੱਸਾਂ ਨੂੰ ਚਲਾਉਣ ਕਾਰਨ ਬੱਸਾਂ ਦਾ ਚੱਕਾ ਜਾਮ-ਬਲਜਿੰਦਰ ਸਿੰਘ ਬਰਾੜ ਅਗਲੀ ਖ਼ਬਰ ਨਗਰ ਨਿਗਮ ਦੀਆਂ ਚੋਣਾਂ 'ਚ ਨਵੇਂ ਬਣੇ ਕੌਂਸਲਰ ਦਾ ਵਾਲਮੀਕਿ ਕਾਲੌਨੀ ਪਹੁੰਚਣ 'ਤੇ ਕੀਤਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।