ਮੋਗਾ, 10 ਜੂਨ (ਸੁਰਿੰਦਰਪਾਲ ਸਿੰਘ)-ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮੋਗਾ ਵਿਖੇ ਡਰੱਗ ਤੇ ਸਮਾਜਿਕ, ਆਰਥਿਕ ਜਨਗਣਨਾ ਚੱਲ ਰਹੀ ਹੈ | ਇਸ ਜਨਗਣਨਾ ਦਾ ਮੁੱਖ ਉਦੇਸ਼ ਨਸ਼ਿਆਂ ਨਾਲ ਸਬੰਧਿਤ ਹਾਲਾਤ ਤੇ ਲੋਕਾਂ ਦੀ ਸਮਾਜਿਕ ਆਰਥਿਕ ਸਥਿਤੀ ਬਾਰੇ ਸਹੀ ਤੇ ਤਾਜ਼ਾ ਡਾਟਾ ਇਕੱਠਾ ਕਰਨਾ ਹੈ, ਤਾਂ ਜੋ ਸਰਕਾਰ ਵਲੋਂ ਲੋਕ ਭਲਾਈ ਯੋਜਨਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਸਕੇ | ਅੱਜ ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਵਲੋਂ 5 ਗਿਣਤੀਕਾਰਾਂ ਨੂੰ ਸਮੇਂ ਸਿਰ ਤੇ ਪੂਰਨ ਪਾਰਦਰਸ਼ਤਾ ਨਾਲ ਆਪਣੇ ਹਿੱਸੇ ਦੀ ਜਨਗਣਨਾ ਪੂਰੀ ਕਰਨ 'ਤੇ ਪ੍ਰਸ਼ੰਸਾ ਪੱਤਰ ਦਿੱਤੇ | ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕੁਲਪ੍ਰੀਤ ਸਿੰਘ ਵੀ ਮੌਜੂਦ ਰਹੇ ਅਤੇ ਐਸ.ਡੀ.ਐਮ. ਵਲੋਂ ਇਸ ਪ੍ਰੋਗਰਾਮ ਵਿਚ ਆਨਲਾਈਨ ਤਰੀਕੇ ਨਾਲ ਆਪਣੀ ਹਾਜ਼ਰੀ ਭਰੀ | ਜ਼ਿਲ੍ਹਾ ਮੋਗਾ ਵਿਚ ਇਸ ਜਨਗਣਨਾ ਲਈ 804 ਗਿਣਤੀਕਾਰ, 32 ਸੁਪਰਵਾਈਜ਼ਰ ਨਿਯੁਕਤ ਕੀਤੇ ਗਏ ਹਨ | ਡਿਪਟੀ ਕਮਿਸ਼ਨਰ ਸਾਗਰ ਸੇਤੀਆ ਵਲੋਂ ਇਨ੍ਹਾਂ 5 ਗਿਣਤੀਕਾਰਾਂ ਨੂੰ ਬਣਦੀ ਮਾਣ ਭੇਟਾ ਦੇ ਚੈੱਕ ਵੀ ਮੌਕੇ 'ਤੇ ਹੀ ਦਿੱਤੇ ਗਏ | ਡਿਪਟੀ ਕਮਿਸ਼ਨਰ ਸੇਤੀਆ ਨੇ ਇਨ੍ਹਾਂ ਗਿਣਤੀਕਾਰਾਂ ਦੇ ਕੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਜਨਗਣਨਾ ਸਰਕਾਰ ਲਈ ਬੜੀ ਮਹੱਤਵਪੂਰਨ ਜਨਗਣਨਾ ਹੈ ਕਿਉਂਕਿ ਇਸ ਦੇ ਆਧਾਰ ਉੱਪਰ ਹੀ ਸਰਕਾਰ ਵਲੋਂ ਨਸ਼ਿਆਂ ਨੂੰ ਪੂਰਨ ਰੂਪ ਨਾਲ ਪੰਜਾਬ ਵਿਚੋਂ ਖ਼ਤਮ ਕਰਨ ਲਈ ਯੋਜਨਾਵਾਂ ਨੂੰ ਹੋਰ ਅਸਰਦਾਰ ਢੰਗ ਨਾਲ ਲਾਗੂ ਕੀਤਾ ਜਾਣਾ ਹੈ | ਡਿਪਟੀ ਕਮਿਸ਼ਨਰ ਨੇ ਡਰੱਗ ਤੇ ਸਮਾਜਿਕ, ਆਰਥਿਕ ਜਨਗਣਨਾ ਕਰ ਰਹੇ ਬਾਕੀ ਗਿਣਤੀਕਾਰਾਂ ਤੇ ਸੁਪਰਵਾਈਜ਼ਰਾਂ ਨੂੰ ਕਿਹਾ ਕਿ ਉਹ ਵੀ ਆਪਣੀ ਡਿਊਟੀ ਪੂਰਨ ਤਨਦੇਹੀ ਨਾਲ ਕਰਨ ਅਤੇ ਇਸ ਜਨਗਣਨਾ ਨੂੰ ਪੂਰਨ ਪਾਰਦਰਸ਼ਤਾ ਨਾਲ ਕਰਨਾ ਯਕੀਨੀ ਬਣਾਉਣ | ਸਰਕਾਰ ਵਲੋਂ ਹਰ ਇਕ ਗਿਣਤੀਕਾਰ ਨੂੰ ਬਣਦੀ ਮਾਣ ਭੇਟਾ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਡਰੱਗ ਤੇ ਸਮਾਜਿਕ ਆਰਥਿਕ ਜਨਗਣਨਾ ਅਧੀਨ ਸਰਵੇ ਦੀ ਪ੍ਰਕਿਰਿਆ ਡਿਜੀਟਲ ਮੋਡ ਰਾਹੀਂ ਸਰਕਾਰ ਵਲੋਂ ਦਿੱਤੀ ਮੋਬਾਈਲ ਐਪਲੀਕੇਸ਼ਨ ਰਾਹੀਂ ਕੀਤੀ ਜਾ ਰਹੀ ਹੈ | ਡਿਪਟੀ ਕਮਿਸ਼ਨਰ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜਦੋਂ ਗਿਣਤੀਕਾਰ ਘਰ-ਘਰ ਸਰਵੇ ਲਈ ਆਉਣ ਤਾਂ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ ਅਤੇ ਸਹੀ ਅਤੇ ਤਾਜ਼ਾ ਜਾਣਕਾਰੀ ਮੁਹੱਈਆ ਕਰਵਾਈ ਜਾਵੇ |