ਮੋਗਾ, 10 ਜੂਨ (ਸੁਰਿੰਦਰਪਾਲ ਸਿੰਘ)-ਤਿਹਾੜਾ ਲਿੰਕ ਡਰੇਨ ਦਾ ਮਾਮਲਾ ਇਕ ਵਾਰ ਮੁੜ ਤੋਂ ਭਖਿਆ ਹੈ ਪਰ ਜ਼ਮੀਨੀ ਪੱਧਰ 'ਤੇ ਡਰੇਨ ਵਿਭਾਗ ਵਲੋਂ ਕੋਈ ਵੀ ਕਾਰਵਾਈ ਅਮਲ 'ਚ ਨਹੀਂ ਲਿਆਂਦੀ ਗਈ | ਜਾਣਕਾਰੀ ਹਿਤ ਦੱਸ ਦੇਈਏ ਕਿ ਸਾਲ 2020 ਵਿਚ ਉਕਤ ਡਰੇਨ ਨੂੰ ਜੀਂਦੜਾ ਪਿੰਡ ਕੋਲ ਕੁਝ ਲੋਕਾਂ ਵਲੋਂ ਮਿੱਟੀ ਪਾ ਕੇ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਸੀ | ਪਿੰਡ ਵਾਸੀ ਉਸ ਸਮੇਂ ਤੋਂ ਹੀ ਇਸ ਡਰੇਨ ਨੂੰ ਚਾਲੂ ਕਰਵਾਉਣ ਲਈ ਜੱਦੋ-ਜਹਿਦ ਕਰ ਰਹੇ ਹਨ | ਕਾਬਜ਼ ਲੋਕਾਂ ਨੇ ਉਕਤ ਡਰੇਨ ਵਾਲੀ ਜਗ੍ਹਾ ਉੱਪਰ ਖੇਤੀਬਾੜੀ ਸ਼ੁਰੂ ਕਰ ਰੱਖੀ ਹੈ ਅਤੇ ਕੁਝ ਹਿੱਸੇ 'ਤੇ ਪਰਵਾਸੀਆਂ ਵਲੋਂ ਪੱਕੀਆਂ ਝੁੱਗੀਆਂ ਬਣਾ ਲਈਆਂ ਗਈਆਂ ਹਨ | ਬੰਦ ਡਰੇਨ ਕਾਰਨ ਹਰ ਸਾਲ ਬਰਸਾਤੀ ਮੌਸਮ 'ਚ ਇਸ ਦਾ ਵਾਧੂ ਪਾਣੀ ਲੋਕਾਂ ਦੇ ਖੇਤਾਂ ਵਿਚ ਭਰ ਜਾਂਦਾ ਹੈ, ਜਿਸ ਨਾਲ ਸੈਂਕੜੇ ਏਕੜ ਫ਼ਸਲ ਤਬਾਹ ਹੋ ਜਾਂਦੀ ਹੈ | ਇਸੇ ਕਰ ਕੇ ਹੀ ਪਿੰਡ ਵਾਸੀਆਂ ਨੇ ਉਕਤ ਡਰੇਨ ਨੂੰ ਚਾਲੂ ਕਰਵਾਉਣ ਲਈ ਚਾਰਾਜੋਈ ਆਰੰਭੀ ਹੋਈ ਹੈ | ਇਸ ਮਾਮਲੇ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਡਿਪਟੀ ਕਮਿਸ਼ਨਰ ਮੋਗਾ ਵਲੋਂ ਜੁਲਾਈ 2020 ਵਿਚ ਜ਼ਿਲ੍ਹਾ ਪੁਲਿਸ ਮੁਖੀ ਨੂੰ ਆਪਣੇ ਪੱਤਰ ਨੰਬਰ 2125-27 ਰਾਹੀਂ ਡਰੇਨ ਵਿਭਾਗ ਦੀ ਜਗ੍ਹਾ ਉੱਪਰ ਕਬਜ਼ਾ ਜਮਾਈ ਬੈਠੇ ਲਗ-ਪਗ 8 ਲੋਕਾਂ ਵਿਰੁੱਧ ਮਾਈਨਜ਼ ਐਂਡ ਮਿਨਰਲਜ਼ (ਡਿਵੈਲਪਮੈਂਟ ਐਂਡ ਰੈਗੂਲੇਸ਼ਨ) ਐਕਟ 1957 ਦੀ ਧਾਰਾ 21 ਅਤੇ 22 ਅਧੀਨ ਕਾਰਵਾਈ ਅਮਲ ਵਿਚ ਲਿਆਉਣ ਲਈ ਕਿਹਾ ਗਿਆ ਸੀ ਪਰ ਪੰਜ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਕਬਜ਼ਾ ਧਾਰਕਾਂ ਵਿਰੁੱਧ ਕੋਈ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਜਾ ਸਕੀ | ਪਿੰਡ ਦੇ ਨੰਬਰਦਾਰ ਗੁਰਜਿੰਦਰ ਸਿੰਘ ਅਤੇ ਜੱਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਅਨੇਕਾਂ ਵਾਰ ਇਸ ਮਾਮਲੇ ਨੂੰ ਲੈ ਕੇ ਵਿਭਾਗ ਕੋਲ ਸ਼ਿਕਾਇਤਾਂ ਦਰਜ ਕਰਵਾਈਆਂ ਹਨ | ਉਨ੍ਹਾਂ ਦੱਸਿਆ ਕਿ ਪਿੰਡ ਦਾ ਸੈਂਕੜੇ ਏਕੜ ਵਾਹੀਯੋਗ ਰਕਬਾ ਡਰੇਨ ਦੇ ਪਾਣੀ ਦੀ ਲਪੇਟ ਵਿਚ ਆ ਜਾਂਦਾ ਹੈ, ਜਿਸ ਨਾਲ ਫ਼ਸਲਾਂ ਦਾ ਭਾਰੀ ਨੁਕਸਾਨ ਹੁੰਦਾ ਹੈ, ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ | ਇਸ ਮਾਮਲੇ ਨੂੰ ਹੁਣ ਕਿਸਾਨ ਯੂਨੀਅਨ ਤੋਤੇਵਾਲਾ ਨੇ ਆਪਣੇ ਹੱਥਾਂ ਵਿਚ ਲਿਆ ਹੈ | ਦੋ ਦਿਨ ਪਹਿਲਾਂ ਜਥੇਬੰਦੀ ਦੇ ਸੂਬਾ ਆਗੂ ਸੁੱਖ ਗਿੱਲ ਮੋਗਾ ਦੀ ਅਗਵਾਈ ਹੇਠ ਇਕ ਵਫ਼ਦ ਫ਼ਿਰੋਜ਼ਪੁਰ ਸਥਿਤ ਵਿਭਾਗ ਦੇ ਐਸ.ਈ. ਨੂੰ ਮਿਲਿਆ ਅਤੇ ਉਨ੍ਹਾਂ ਨਾਲ ਬੰਦ ਡਰੇਨ ਦਾ ਮਾਮਲਾ ਵਿਚਾਰਿਆ ਗਿਆ | ਅਧਿਕਾਰੀ ਵਲੋਂ ਮੋਗਾ ਦੇ ਐਕਸੀਅਨ ਦਫ਼ਤਰ ਨੂੰ ਇਸ ਉੱਤੇ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਸਨ, ਪਰ ਇਸ 'ਤੇ ਕਾਰਵਾਈ ਸਿਰਫ਼ ਕਾਗ਼ਜ਼ਾਂ ਵਿਚ ਹੀ ਚੱਲ ਰਹੀ ਹੈ, ਜ਼ਮੀਨੀ ਪੱਧਰ 'ਤੇ ਕਾਰਵਾਈ ਜ਼ੀਰੋ ਹੈ | ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸੂਬਾ ਪ੍ਰਧਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੇ 14 ਜੂਨ ਤੱਕ ਕਾਰਵਾਈ ਅਮਲ 'ਚ ਲਿਆ ਕੇ ਡਰੇਨ ਚਾਲੂ ਨਾ ਕਰਵਾਈ ਗਈ ਤਾਂ 15 ਜੂਨ ਨੂੰ ਐਕਸੀਅਨ ਦਫ਼ਤਰ ਮੋਗਾ ਦਾ ਵੱਡੇ ਪੱਧਰ 'ਤੇ ਘਿਰਾਓ ਕਰ ਕੇ ਅਣਮਿਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ |