27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਬਾਘਾ ਪੁਰਾਣਾ 'ਚ ਆਮ ਆਦਮੀ ਪਾਰਟੀ ਦਾ ਰਾਤ ਭਰ ਧਰਨਾ-ਪ੍ਰਸ਼ਾਸਨ ਨਾਲ ਸਮਝੌਤੇ ਬਾਅਦ ਸਮਾਪਤ

ਅਜੀਤ ਡੈਸਕ 13-06-2026

ਬਾਘਾ ਪੁਰਾਣਾ, 12 ਜੂਨ (ਟਿੰਕੂ ਕਾਠਪਾਲ, ਗੁਰਮੀਤ ਸਿੰਘ ਮਾਣੰੂਕੇ)-ਬਾਘਾ ਪੁਰਾਣਾ 'ਚ ਬੀਤੀ ਰਾਤ ਆਮ ਆਦਮੀ ਪਾਰਟੀ ਵਲੋਂ ਇਕ ਵੱਡਾ ਧਰਨਾ ਪ੍ਰਦਰਸ਼ਨ ਕੀਤਾ ਗਿਆ, ਜੋ ਲਗਾਤਾਰ ਕਰੀਬ 13 ਘੰਟੇ ਚੱਲਣ ਤੋਂ ਬਾਅਦ ਅੱਜ ਦੁਪਹਿਰ ਸਮੇਂ ਸਮਾਪਤ ਹੋਇਆ | ਇਹ ਧਰਨਾ ਹਲਕਾ ਵਿਧਾਇਕ ਅੰਮਿ੍ਤਪਾਲ ਸਿੰਘ ਸੁਖਾਨੰਦ ਦੇ ਅਤਿ ਕਰੀਬੀ ਗੁਰਪ੍ਰੀਤ ਸਿੰਘ ਗੋਂਦਾਰਾ ਦੀ ਅਗਵਾਈ ਹੇਠ ਥਾਣਾ ਮੁਖੀ ਬਾਘਾ ਪੁਰਾਣਾ ਦੇ ਖ਼ਿਲਾਫ਼ ਲਗਾਇਆ ਗਿਆ ਸੀ | ਜਾਣਕਾਰੀ ਮੁਤਾਬਿਕ ਇਹ ਧਰਨਾ ਬੀਤੀ ਰਾਤ ਕਰੀਬ 10 ਵਜੇ ਸ਼ੁਰੂ ਹੋਇਆ ਅਤੇ ਅਗਲੇ ਦਿਨ ਸਵੇਰੇ ਕਰੀਬ 11 ਵਜੇ ਤੱਕ ਜਾਰੀ ਰਿਹਾ | ਧਰਨਾਕਾਰੀਆਂ ਵਲੋਂ ਪੁਲਿਸ ਵਲੋਂ ਆਮ ਆਦਮੀ ਪਾਰਟੀ ਦੇ ਇਕ ਆਗੂ ਖ਼ਿਲਾਫ਼ ਦਰਜ ਕੀਤੀ ਗਈ ਐਫ.ਆਈ.ਆਰ. ਨੂੰ ਗਲਤ ਦੱਸਦੇ ਹੋਏ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ | ਇਸ ਮੌਕੇ ਗੁਰਪ੍ਰੀਤ ਸਿੰਘ ਗੋਂਦਾਰਾ ਨੇ ਦੱਸਿਆ ਕਿ ਪੁਲਿਸ ਵਲੋਂ ਪਾਰਟੀ ਦੇ ਆਗੂ ਖ਼ਿਲਾਫ਼ ਬਿਨਾਂ ਪੂਰੀ ਜਾਂਚ ਦੇ ਗਲਤ ਤਰੀਕੇ ਨਾਲ ਮਾਮਲਾ ਦਰਜ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਵੀ ਪਾਰਟੀ ਆਗੂਆਂ ਦੇ ਦਖ਼ਲ ਨਾਲ ਉਸ ਆਗੂ ਨੂੰ ਰਿਹਾਅ ਕਰਵਾ ਲਿਆ ਗਿਆ ਸੀ, ਪਰ ਹੁਣ ਪੂਰੀ ਤਰ੍ਹਾਂ ਐਫ.ਆਈ.ਆਰ. ਰੱਦ ਕਰਵਾਉਣ ਲਈ ਇਹ ਸੰਘਰਸ਼ ਕੀਤਾ ਜਾ ਰਿਹਾ ਹੈ | ਧਰਨੇ ਦੌਰਾਨ ਪ੍ਰਧਾਨ ਪਵਨ ਗੁਪਤਾ, ਯੂਥ ਬਲਾਕ ਪ੍ਰਧਾਨ ਡਾ. ਜਗਦੇਵ ਸਿੰਘ ਕਾਲੇਕੇ, ਬਲਾਕ ਪ੍ਰਧਾਨ ਅਰਵਿੰਦਰ ਸਿੰਘ ਭਾਟੀਆ, ਕੌਂਸਲਰ ਪਿ੍ਥੀ ਸਿੰਘ, ਕੌਂਸਲਰ ਧਰਮਿੰਦਰ ਸਿੰਘ ਰੱਖੜਾ, ਕੌਂਸਲਰ ਤਰੁਣ ਮਿੱਤਲ, ਕੌਂਸਲਰ ਜਸਵੰਤ ਸਿੰਘ, ਕੌਂਸਲਰ ਕਮਲ, ਭਾਜਪਾ ਆਗੂ ਸੁਖਜਿੰਦਰ ਸਿੰਘ ਵਾਂਦਰ, ਗਊਸ਼ਾਲਾ ਪ੍ਰਧਾਨ ਜਸਵਿੰਦਰ ਸਿੰਘ ਕਾਕਾ ਸਮੇਤ ਕਈ ਹੋਰ ਆਗੂ ਵੀ ਮੌਜੂਦ ਰਹੇ | ਸਾਰੇ ਆਗੂਆਂ ਨੇ ਸਾਂਝੇ ਤੌਰ 'ਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦਰਜ ਮਾਮਲੇ ਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ ਸੰਬੰਧਿਤ ਅਧਿਕਾਰੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇ | ਇਸ ਦੌਰਾਨ ਡੀ.ਐਸ.ਪੀ. ਬਾਘਾ ਪੁਰਾਣਾ ਜਸਬਰਿੰਦਰ ਸਿੰਘ ਖਹਿਰਾ ਮੌਕੇ 'ਤੇ ਪਹੁੰਚੇ ਅਤੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ | ਉਨ੍ਹਾਂ ਵਲੋਂ ਮੰਗਾਂ 'ਤੇ ਸੰਵੇਦਨਸ਼ੀਲਤਾ ਨਾਲ ਵਿਚਾਰ ਕਰਨ ਅਤੇ ਯੋਗ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ, ਜਿਸ ਤੋਂ ਬਾਅਦ ਧਰਨਾ ਖ਼ਤਮ ਕੀਤਾ ਗਿਆ | ਹਾਲਾਂ ਕਿ ਇਸ ਧਰਨੇ ਕਾਰਨ ਆਮ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਮੋਗਾ ਰੋਡ 'ਤੇ ਲੰਬੇ ਸਮੇਂ ਤੱਕ ਜਾਮ ਲੱਗਾ ਰਹਿਣ ਕਾਰਨ ਵਾਹਨ ਚਾਲਕਾਂ ਨੂੰ ਘੰਟਿਆਂ ਤੱਕ ਖੱਜਲ-ਖੁਆਰੀ ਝੱਲਣੀ ਪਈ | ਇਸ ਦੌਰਾਨ ਇਕ ਹਾਦਸਾ ਵੀ ਵਾਪਰਿਆ, ਜਿੱਥੇ ਇਕ ਕਾਰ ਚਾਲਕ ਦੀ ਗੱਡੀ ਸੜਕ 'ਤੇ ਖੜੇ ਟਰੱਕ ਦੇ ਪਿੱਛੇ ਜਾ ਟਕਰਾਈ, ਜਿਸ ਨਾਲ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ | ਇਸ ਘਟਨਾ ਨੇ ਟਰੈਫ਼ਿਕ ਪ੍ਰਬੰਧਨ 'ਤੇ ਵੀ ਸਵਾਲ ਖੜੇ ਕੀਤੇ ਹਨ | ਲੋਕਾਂ ਵਿਚ ਇਸ ਗੱਲ ਨੂੰ ਲੈ ਕੇ ਚਰਚਾ ਰਹੀ ਕਿ ਪ੍ਰਸ਼ਾਸਨ ਨੂੰ ਪਹਿਲਾਂ ਹੀ ਧਰਨਾਕਾਰੀਆਂ ਨਾਲ ਗੱਲਬਾਤ ਕਰਕੇ ਮਾਮਲਾ ਹੱਲ ਕਰ ਲੈਣਾ ਚਾਹੀਦਾ ਸੀ, ਤਾਂ ਜੋ ਆਮ ਜਨਤਾ ਨੂੰ ਪ੍ਰੇਸ਼ਾਨੀ ਨਾ ਝੱਲਣੀ ਪੈਂਦੀ |

ਪਿਛਲੀ ਖ਼ਬਰ ਸਫ਼ਾਈ ਸੇਵਕ, ਚੌਕੀਦਾਰ, ਮਿਡ-ਡੇ-ਮੀਲ ਯੂਨੀਅਨ ਬੀ.ਐਮ.ਐਸ. ਦਾ ਵਫ਼ਦ ਸੈਕਟਰੀ ਸੋਨਾਲੀ ਗਿਰੀ ਨੂੰ ਮਿਲਿਆ ਅਗਲੀ ਖ਼ਬਰ ਨਸ਼ਿਆਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਸਬ ਡਵੀਜ਼ਨ ਧਰਮਕੋਟ 'ਚ 10 ਮੁਕੱਦਮੇ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।