ਕੋਟ ਈਸੇ ਖਾਂ, 16 ਜੂਨ (ਗੁਰਮੀਤ ਸਿੰਘ ਖਾਲਸਾ)- ਸਥਾਨਕ ਸ਼ਹਿਰ ਦੇ ਵਾਰਡ ਨੰਬਰ 7 ਦੀ ਨਵੀਂ ਬਣੀ ਕੌਂਸਲਰ ਸੁਖਮਨਜੀਤ ਕੌਰ ਟੱਕਰ ਵਲੋਂ ਵਾਰਡ ਵਿਚ ਵੱਖ-ਵੱਖ ਹੋਣ ਵਾਲੇ ਕੰਮਾਂ ਲਈ ਪਹਿਲ ਕਦਮੀ ਕਰਦਿਆਂ ਸਫਾਈ ਮੁਹਿੰਮ ਚਲਵਾਈ ਗਈ। ਇਸ ਤੋਂ ਇਲਾਵਾ ਵਾਰਡ ਦੀਆਂ ਜਿਹੜੀਆਂ ਥਾਵਾਂ ‘ਤੇ ਲਾਈਟਾਂ ਦੀ ਘਾਟ ਸੀ ਉਹ ਨਗਰ ਪੰਚਾਇਤ ਦੇ ਧਿਆਨ ਵਿਚ ਲਿਆ ਕੇ ਐਲ.ਈ.ਡੀ. ਲਾਈਟਾਂ ਲਗਵਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਪੈੱ੍ਰਸ ਨਾਲ ਗੱਲਬਾਤ ਕਰਦਿਆਂ ਕੌਂਸਲਰ ਸੁਖਨਜੀਤ ਕੌਰ ਟੱਕਰ ਨੇ ਕਿਹਾ ਕਿ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵਲੋਂ ਨਗਰ ਪੰਚਾਇਤ ਦੇ ਰਾਹੀਂ ਪਹਿਲਾਂ ਵੀ ਇਸ ਵਾਰਡ ਵਿਚ ਪੈਂਦੇ ਸ਼ਹਿਰ ਦੇ ਮੁੱਖ ਖੇਡ ਸਟੇਡੀਅਮ ਤੇ ਹੋਰ ਕੰਮਾਂ ਨੂੰ ਵਧੀਆ ਢੰਗ ਨਾਲ ਕਰਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਵਾਰਡ ਵਾਸੀਆਂ ਨੇ ਟੱਕਰ ਪਰਿਵਾਰ ਨੂੰ ਕੌਂਸਲਰ ਬਣਾ ਕੇ ਮਾਣ ਬਖਸ਼ਿਆ ਹੈ ਤੇ ਵਿਧਾਇਕ ਲਾਡੀ ਢੋਸ ਦੀ ਅਗਵਾਈ ਵਿਚ ਵਾਰਡ ਨੰਬਰ 7 ਦੇ ਵਿਕਾਸ ਕਾਰਜ ਹੋਰ ਵੀ ਵਧੀਆ ਢੰਗ ਨਾਲ ਕਰਵਾ ਕੇ ਵਾਰਡ ਵਾਸੀਆਂ ਵਲੋਂ ਦਿੱਤੇ ਮਾਣ ਦਾ ਮੁੱਲ ਮੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਵਾਰਡ ਦੇ ਨਾਲ ਮੁੱਖ ਧਰਮਕੋਟ ਮਾਰਗ ‘ਤੇ ਜਿਹੜੀ ਪੁਲੀ ਸੀ ਤੇ ਇਕ ਦੋ ਹੋਰ ਪੁਲੀਆਂ ਸਨ ਉਨ੍ਹਾਂ ਨੂੰ ਵੀ ਠੀਕ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਸੁੰਦਰਤਾ ਤੇ ਬੁਨਿਆਦੀ ਸਹੂਲਤਾਂ ਪੱਖੋਂ ਵਾਰਡ ਦੀ ਨੁਹਾਰ ਬਦਲਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।