25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਪੁਰਸ਼ੋਤਮ ਮਾਸ ਦੌਰਾਨ ਸ੍ਰੀਮਦ ਭਾਗਵਤ ਕਥਾ ਦੇ ਸਮਾਪਨ ਉਪਰੰਤ ਹਵਨ-ਯੱਗ ਅਤੇ ਵਿਸ਼ਾਲ ਭੰਡਾਰਾ ਕਰਵਾਇਆ

ਅਜੀਤ ਡੈਸਕ 17-06-2026


ਮੋਗਾ, 16 ਜੂਨ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਬ੍ਰਹਮਲੀਨ ਸਵਾਮੀ ਵੇਦਾਂਤਾਨੰਦ ਮਹਾਰਾਜ ਦੀ ਪਾਵਨ ਤਪੋ ਭੂਮੀ ਗੀਤਾ ਭਵਨ, ਮੋਗਾ ਵਿਖੇ ਗੀਤਾ ਭਵਨ ਟਰੱਸਟ ਸੋਸਾਇਟੀ ਦੇ ਤੱਤਵਾਧਾਨ ਹੇਠ ਪੁਰਸ਼ੋਤਮ ਮਾਸ ਦੇ ਮੌਕੇ ‘ਤੇ ਕਰਵਾਏ ਗਏ ਸੱਤ ਦਿਨਾਂ ਸ੍ਰੀ ਮਦ ਭਾਗਵਤ ਕਥਾ ਗਿਆਨ ਯੱਗ ਦਾ ਸਮਾਪਨ ਬੜੀ ਸ਼ਰਧਾ, ਭਗਤੀ ਅਤੇ ਵੈਦਿਕ ਰੀਤੀ-ਰਿਵਾਜਾਂ ਅਨੁਸਾਰ ਸ਼ਾਨਦਾਰ ਢੰਗ ਨਾਲ ਕੀਤਾ ਗਿਆ। ਕਥਾ ਸਮਾਪਤੀ ਮੌਕੇ ਸਵੇਰੇ ਵਿਧੀਵਤ ਹਵਨ-ਯੱਗ ਕਰਵਾਇਆ ਗਿਆ, ਜਿਸ ਵਿਚ ਜਜਮਾਨਾਂ ਅਤੇ ਸ਼ਰਧਾਲੂਆਂ ਨੇ ਵੈਦਿਕ ਮੰਤਰੋਚਾਰ ਦੇ ਦਰਮਿਆਨ ਯੱਗ ਅੱਗ ਵਿਚ ਆਹੁਤੀਆਂ ਪਾ ਕੇ ਵਿਸ਼ਵ ਸ਼ਾਂਤੀ, ਰਾਸ਼ਟਰ ਦੀ ਖ਼ੁਸ਼ਹਾਲੀ ਅਤੇ ਸਮੁੱਚੀ ਮਨੁੱਖਤਾ ਦੇ ਭਲੇ ਦੀ ਕਾਮਨਾ ਕੀਤੀ। ਹਵਨ-ਯੱਗ ਤੋਂ ਬਾਅਦ ਸ੍ਰੀ ਮਦ ਭਾਗਵਤ ਮਹਾ ਪੁਰਾਣ ਦਾ ਪੂਜਨ ਕੀਤਾ ਗਿਆ ਅਤੇ ਵਿਦਵਾਨ ਆਚਾਰੀਆਂ, ਬ੍ਰਾਹਮਣਾਂ ਅਤੇ ਸੰਤ-ਮਹਾਪੁਰਸ਼ਾਂ ਦਾ ਸਨਮਾਨ ਕੀਤਾ ਗਿਆ। ਇਸ ਉਪਰੰਤ ਗੀਤਾ ਭਵਨ ਦੇ ਵਿਹੜੇ ‘ਚ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਹਜ਼ਾਰਾਂ ਸ਼ਰਧਾਲੂਆਂ ਨੇ ਪ੍ਰਸਾਦ ਗ੍ਰਹਿਣ ਕਰਕੇ ਧਰਮ ਲਾਭ ਪ੍ਰਾਪਤ ਕੀਤਾ। ਭੰਡਾਰੇ ਵਿਚ ਸਮਾਜ ਦੇ ਹਰ ਵਰਗ, ਹਰ ਉਮਰ ਅਤੇ ਵੱਖ-ਵੱਖ ਖੇਤਰਾਂ ਤੋਂ ਆਏ ਸ਼ਰਧਾਲੂਆਂ ਨੇ ਇਕੱਠੇ ਬੈਠ ਕੇ ਪ੍ਰਸਾਦ ਛਕਿਆ, ਜਿਸ ਨਾਲ ਬਰਾਬਰੀ ਅਤੇ ਭਾਈਚਾਰੇ ਦਾ ਸੁੰਦਰ ਸੰਦੇਸ਼ ਮਿਲਿਆ। ਇਸ ਮੌਕੇ ਗੀਤਾ ਭਵਨ ਟਰੱਸਟ ਸੋਸਾਇਟੀ ਦੇ ਪ੍ਰਧਾਨ ਐਡਵੋਕੇਟ ਸੁਨੀਲ ਗਰਗ ਨੇ ਕਿਹਾ ਕਿ ਸਨਾਤਨ ਧਰਮ ਵਿਚ ਭੰਡਾਰੇ ਦੀ ਪਰੰਪਰਾ ਕੇਵਲ ਭੋਜਨ ਕਰਵਾਉਣ ਤੱਕ ਸੀਮਤ ਨਹੀਂ, ਸਗੋਂ ਇਹ ਸੇਵਾ, ਤਿਆਗ, ਪਰਉਪਕਾਰ ਅਤੇ ਮਨੁੱਖਤਾ ਪ੍ਰਤੀ ਸਮਰਪਣ ਦਾ ਮਹਾਨ ਤਿਉਹਾਰ ਹੈ। ਉਨ੍ਹਾਂ ਕਿਹਾ ਕਿ ਸਾਡੇ ਸ਼ਾਸਤਰਾਂ ਵਿਚ ਅੰਨ ਦਾਨ ਮਹਾਯਾਨ ਕਿਹਾ ਗਿਆ ਹੈ, ਕਿਉਂਕਿ ਅੰਨ ਦਾਨ ਨਾਲ ਨਾ ਸਿਰਫ਼ ਸਰੀਰ ਦੀ ਤ੍ਰਿਪਤੀ ਹੁੰਦੀ ਹੈ, ਸਗੋਂ ਆਤਮਿਕ ਸੰਤੋਖ ਅਤੇ ਪੁੰਨ ਦੀ ਵੀ ਪ੍ਰਾਪਤੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸੰਸਕ੍ਰਿਤੀ ਵਿਚ ਭੰਡਾਰਾ ਪ੍ਰੇਮ, ਸਹਿਯੋਗ ਅਤੇ ਸਮਾਜਿਕ ਏਕਤਾ ਦਾ ਪ੍ਰਤੀਕ ਮੰਨਿਆਂ ਜਾਂਦਾ ਹੈ। ਜਦੋਂ ਸਾਰੇ ਲੋਕ ਜਾਤ-ਪਾਤ, ਵਰਗ ਅਤੇ ਅਹੁਦੇ ਦੇ ਭੇਦਭਾਵ ਤੋਂ ਉੱਪਰ ਉੱਠ ਕੇ ਇਕੋ ਪੰਗਤ ਵਿਚ ਬੈਠ ਕੇ ਪ੍ਰਸਾਦ ਗ੍ਰਹਿਣ ਕਰਦੇ ਹਨ, ਤਾਂ ਅਸਲ ਸਮਾਜਿਕ ਸਮਰਸਤਾ ਦੇ ਦਰਸ਼ਨ ਹੁੰਦੇ ਹਨ। ਐਡਵੋਕੇਟ ਸੁਨੀਲ ਗਰਗ ਨੇ ਕਿਹਾ ਕਿ ਗੀਤਾ ਭਵਨ ਟਰੱਸਟ ਸੋਸਾਇਟੀ ਸਾਲਾਂ ਤੋਂ ਧਰਮ, ਸੇਵਾ, ਸੰਸਕਾਰ ਅਤੇ ਸਮਾਜ ਭਲਾਈ ਦੇ ਕਾਰਜਾਂ ਵਿਚ ਅਹਿਮ ਭੂਮਿਕਾ ਨਿਭਾ ਰਹੀ ਹੈ। ਬ੍ਰਹਮਲੀਨ ਸਵਾਮੀ ਵੇਦਾਂਤਾਨੰਦ ਮਹਾਰਾਜ ਅਤੇ ਬ੍ਰਹਮਲੀਨ ਸਵਾਮੀ ਸਹਿਜ ਪ੍ਰਕਾਸ਼ ਮਹਾਰਾਜ ਵਲੋਂ ਸਥਾਪਿਤ ਸੇਵਾ ਅਤੇ ਅਧਿਆਤਮਿਕਤਾ ਦੀ ਪਰੰਪਰਾ ਨੂੰ ਅੱਗੇ ਵਧਾਉਂਦਿਆਂ ਟਰੱਸਟ ਲਗਾਤਾਰ ਧਾਰਮਿਕ, ਸਮਾਜਿਕ ਅਤੇ ਲੋਕ ਭਲਾਈ ਦੇ ਪ੍ਰੋਗਰਾਮ ਕਰਵਾ ਰਿਹਾ ਹੈ। ਸਮਾਪਤੀ ਮੌਕੇ ਟਰੱਸਟ ਦੇ ਮਹਾ ਮੰਤਰੀ ਅੰਸ਼ੁਲ ਸ਼੍ਰੀ ਕੁੰਜ, ਜੁਆਇੰਟ ਸਕੱਤਰ ਸੁਰਿੰਦਰ ਗੋਇਲ, ਸੀਨੀਅਰ ਉਪ ਪ੍ਰਧਾਨ ਰਵਿੰਦਰ ਸੂਦ, ਉਪ ਪ੍ਰਧਾਨ ਭਰਤ ਅਗਰਵਾਲ, ਕੈਸ਼ੀਅਰ ਯੋਗੇਸ਼ ਗਰਗ ਸਮੇਤ ਟਰੱਸਟ ਦੇ ਹੋਰ ਅਹੁਦੇਦਾਰ ਅਤੇ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ।

 

ਪਿਛਲੀ ਖ਼ਬਰ ਵਾਰਡ ਨੰਬਰ 7 ਦੇ ਸਰਬਪੱਖੀ ਵਿਕਾਸ ’ਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ-ਕੌਂਸਲਰ ਸੁਖਨਜੀਤ ਕੌਰ ਟੱਕਰ ਅਗਲੀ ਖ਼ਬਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਆਪ ਪਾਰਟੀ ਦੇ ਪ੍ਰਮੁੱਖ ਦਾਅਵੇਦਾਰ ਹੋਣਗੇ ਅਜੇ ਸ਼ਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।