ਮੋਗਾ, 17 ਜੂਨ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਮੋਗਾ ਦੇ ਪ੍ਰਤਾਪ ਰੋਡ ਸਥਿਤ ਇਕ ਕੱਪੜਿਆਂ ਦੇ ਸ਼ੋਅ ਰੂਮ ਵਿਚ ਅੱਜ ਤੜਕੇ ਭਿਆਨਕ ਅੱਗ ਲੱਗ ਜਾਣ ਕਾਰਨ ਲੱਖਾਂ ਰੁਪਏ ਦੇ ਨੁਕਸਾਨ ਦੀ ਖ਼ਬਰ ਸਾਹਮਣੇ ਆਈ ਹੈ। ਅੱਗ ਇੰਨੀ ਭਿਆਨਕ ਸੀ ਕਿ ਇਸ ‘ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਚਾਰ ਤੋਂ ਪੰਜ ਗੱਡੀਆਂ ਨੂੰ ਕਈ ਘੰਟਿਆਂ ਤੱਕ ਮਸ਼ੱਕਤ ਕਰਨੀ ਪਈ। ਸ਼ੁਰੂਆਤੀ ਜਾਂਚ ਵਿਚ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਅੱਜ ਸਵੇਰੇ ਕਰੀਬ 5 ਵਜੇ ਪ੍ਰਤਾਪ ਰੋਡ ‘ਤੇ ਸਥਿਤ ਕੱਪੜਿਆਂ ਦੇ ਇਕ ਸ਼ੋਅ ਰੂਮ ਵਿਚੋਂ ਧੂੰਆਂ ਨਿਕਲਦਾ ਵੇਖਿਆ ਗਿਆ। ਇਸ ਦੀ ਸੂਚਨਾ ਤੁਰੰਤ ਦੁਕਾਨ ਮਾਲਕ ਅਤੇ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ। ਦੁਕਾਨ ਮਾਲਕ ਨਿਤਿਨ ਗਰਗ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਫ਼ੋਨ ਰਾਹੀਂ ਸੂਚਨਾ ਮਿਲੀ ਸੀ ਕਿ ਉਨ੍ਹਾਂ ਦੀ ਦੁਕਾਨ ਵਿਚੋਂ ਧੂੰਆਂ ਨਿਕਲ ਰਿਹਾ ਹੈ। ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਦੁਕਾਨ ਦੀ ਛੱਤ ਵਿਚੋਂ ਲਗਾਤਾਰ ਧੂੰਆਂ ਨਿਕਲ ਰਿਹਾ ਸੀ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸ਼ੁਰੂ ਵਿਚ ਅੰਦਰ ਲੱਗੀ ਅੱਗ ਦਾ ਸਹੀ ਅੰਦਾਜ਼ਾ ਨਾ ਲੱਗਣ ਕਾਰਨ ਅੱਗ ਹੋਰ ਫੈਲ ਗਈ, ਜਿਸ ਨਾਲ ਉਨ੍ਹਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ। ਫਾਇਰ ਬ੍ਰਿਗੇਡ ਕਰਮਚਾਰੀ ਬੇਅੰਤ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ ਸਾਢੇ ਪੰਜ ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਮੌਕੇ ‘ਤੇ ਪਹੁੰਚਣ ਸਮੇਂ ਸ਼ੋਅ ਰੂਮ ਦੇ ਅੰਦਰ ਕਾਫ਼ੀ ਧੂੰਆਂ ਭਰਿਆ ਹੋਇਆ ਸੀ, ਜਿਸ ਕਾਰਨ ਕੁਝ ਵੀ ਸਾਫ਼ ਨਹੀਂ ਦਿਸ ਰਿਹਾ ਸੀ। ਦੁਕਾਨ ਮਾਲਕ ਦੀ ਸਹਿਮਤੀ ਨਾਲ ਸ਼ੋਅ ਰੂਮ ਦਾ ਸ਼ੀਸ਼ਾ ਤੋੜਿਆ ਗਿਆ, ਜਿਸ ਤੋਂ ਬਾਅਦ ਧੂੰਆਂ ਘੱਟ ਹੋਇਆ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕਾਰਵਾਈ ਤੇਜ਼ ਕੀਤੀ ਗਈ। ਫਾਇਰ ਬ੍ਰਿਗੇਡ ਅਧਿਕਾਰੀ ਅਰਵਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਸਨ। ਅੰਦਰ ਧੂੰਆਂ ਬਹੁਤ ਜ਼ਿਆਦਾ ਹੋਣ ਕਾਰਨ ਅੱਗ ਤੱਕ ਪਹੁੰਚਣਾ ਮੁਸ਼ਕਿਲ ਹੋ ਰਿਹਾ ਸੀ। ਕਈ ਘੰਟਿਆਂ ਦੀ ਸਖ਼ਤ ਮਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਖ਼ੁਸ਼ਕਿਸਮਤੀ ਨਾਲ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਸ਼ੋਅ ਰੂਮ ਵਿਚ ਪਿਆ ਕੀਮਤੀ ਸਾਮਾਨ ਅੱਗ ਦੀ ਭੇਟ ਚੜ੍ਹ ਗਿਆ, ਜਿਸ ਕਾਰਨ ਲੱਖਾਂ ਰੁਪਏ ਦੇ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਪੁਲਿਸ ਅਤੇ ਸਬੰਧਿਤ ਵਿਭਾਗ ਵਲੋਂ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।