10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਬਿਜਲੀ ਸੰਕਟ ਕਾਰਨ ਕਿਸਾਨਾਂ ਦੇ ਝੋਨੇ ਸੁੱਕਣ ਦੀ ਕਗਾਰ ’ਤੇ, ਸਰਕਾਰ ਜਲਦੀ ਹੱਲ ਕਰੇ -ਬੀ.ਕੇ.ਯੂ. ਪੰਜਾਬ

ਅਜੀਤ ਡੈਸਕ 30-06-2026
ਧਰਮਕੋਟ, 29 ਜੂਨ (ਪਰਮਜੀਤ ਸਿੰਘ)-ਭਾਰਤੀ ਕਿਸਾਨ ਯੂਨੀਅਨ (ਪੰਜਾਬ) ਦੇ ਸੂਬਾ ਪ੍ਰਧਾਨ ਫ਼ਰਮਾਨ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਬ੍ਰਾਹਮਕੇ ਅਤੇ ਮੁੱਖ ਪ੍ਰਚਾਰ ਸਕੱਤਰ ਸੁਰਜੀਤ ਸਿੰਘ ਰੰਧਾਵਾ ਨੇ ਸਾਂਝੇ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਪੰਜਾਬ ਵਿਚ ਲਗਾਤਾਰ ਬਿਜਲੀ ਕੱਟਾਂ ਕਾਰਨ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਝੋਨੇ ਦੀ ਫ਼ਸਲ ਨੂੰ ਸਮੇਂ ਸਿਰ ਪਾਣੀ ਨਾ ਮਿਲਣ ਕਾਰਨ ਫ਼ਸਲ ਸੁੱਕਣ ਦੀ ਕਗਾਰ ‘ਤੇ ਪਹੁੰਚ ਗਈ ਹੈ, ਜਦ ਕਿ ਰਾਤ ਸਮੇਂ ਲੱਗ ਰਹੇ ਬਿਜਲੀ ਕੱਟਾਂ ਕਾਰਨ ਆਮ ਲੋਕ ਵੀ ਬੇਹੱਦ ਪ੍ਰੇਸ਼ਾਨ ਹਨ। ਆਗੂਆਂ ਨੇ ਕਿਹਾ ਕਿ ਬਿਜਲੀ ਦੀ ਅਣ ਉਪਲਬਧਤਾ ਕਾਰਨ ਲੋਕ ਬਿਜਲੀ ਘਰਾਂ ਅੱਗੇ ਧਰਨੇ ਦੇਣ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਤਾਂ ਕਰ ਰਹੀ ਹੈ, ਪਰ ਬਿਜਲੀ ਵਰਗੀਆਂ ਬੁਨਿਆਦੀ ਸਮੱਸਿਆਵਾਂ ਦਾ ਹੱਲ ਕਰਨ ਵਿਚ ਅਸਫਲ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਰਜ਼ਾ ਲਗਾਤਾਰ ਵੱਧ ਰਿਹਾ ਹੈ ਅਤੇ ਸਰਕਾਰ ਵਲੋਂ ਇਸ ਨੂੰ ਘਟਾਉਣ ਲਈ ਕੋਈ ਠੋਸ ਯੋਜਨਾ ਸਾਹਮਣੇ ਨਹੀਂ ਆਈ। ਬੀ.ਕੇ.ਯੂ. ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਤੁਰੰਤ ਬਿਜਲੀ ਸੰਕਟ ਦਾ ਹੱਲ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿਚ ਸੰਯੁਕਤ ਕਿਸਾਨ ਮੋਰਚੇ ਦੇ ਸਹਿਯੋਗ ਨਾਲ ਮੋਗਾ ਦੇ ਬਿਜਲੀ ਗਰਿੱਡ ਅੱਗੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ ਅਤੇ ਐਕਸੀਅਨ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਕਿਸਾਨਾਂ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਵੱਲ ਤੁਰੰਤ ਧਿਆਨ ਨਾ ਦਿੱਤਾ ਤਾਂ ਭਾਰਤੀ ਕਿਸਾਨ ਯੂਨੀਅਨ (ਪੰਜਾਬ) ਸੰਯੁਕਤ ਕਿਸਾਨ ਮੋਰਚੇ ਨਾਲ ਮਿਲ ਕੇ ਵੱਡਾ ਸੰਘਰਸ਼ ਸ਼ੁਰੂ ਕਰੇਗੀ। ਇਸ ਮੌਕੇ ਤਹਿਸੀਲ ਪ੍ਰਧਾਨ ਬਲਵੀਰ ਸਿੰਘ ਮਾਨ, ਬਲਾਕ ਪ੍ਰਧਾਨ ਕਾਰਜ ਸਿੰਘ ਮਸੀਤਾਂ, ਸਰਦੂਲ ਸਿੰਘ ਮਸੀਤਾਂ, ਸੁਖਵਿੰਦਰ ਸਿੰਘ ਕਾਲਾ, ਬਲਾਕ ਪ੍ਰਧਾਨ ਮਨਦੀਪ ਸਿੰਘ ਮੰਨਾ, ਲਖਮੀਰ ਸਿੰਘ ਅਟਾਰੀ, ਜਨਰਲ ਸਕੱਤਰ ਹਰਬੰਸ ਸਿੰਘ ਸ਼ੇਰਪੁਰ, ਦਵਿੰਦਰ ਸਿੰਘ ਅਤੇ ਕੋਰ ਕਮੇਟੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਮੁੱਖ ਮੰਤਰੀ ਦੀ ਭਲੂਰ ਫੇਰੀ ਮੌਕੇ ਠੱਠੀ ਭਾਈ ਤੋਂ ਬੀਬੀਆਂ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਡੇ ਕਾਫ਼ਲੇ ਹੋਏ ਰਵਾਨਾ ਅਗਲੀ ਖ਼ਬਰ ਅਜੀਤਵਾਲ ਕਾਲਜ ਵਿਖੇ ਭਗਤ ਕਬੀਰ ਜੀ ਦੀ ਜਯੰਤੀ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।