06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਬਿਜਲੀ ਸਪਲਾਈ ਦਰੁਸਤ ਕਰਾਉਣ ਲਈ ਘੇਰੇ ਐਕਸੀਅਨ ਦਫ਼ਤਰ-ਕੀਤੀ ਜ਼ੋਰਦਾਰ ਨਾਅਰੇਬਾਜ਼ੀ

ਅਜੀਤ ਡੈਸਕ 01-07-2026
ਮੋਗਾ, 30 ਜੂਨ (ਸੁਰਿੰਦਰਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਕਿਰਪਾਲ ਸਿੰਘ ਵਿਰਕ ਨੇ ਜਾਣਕਾਰੀ ਦਿੱਤੀ ਕਿ ਅੱਜ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ‘ਤੇ ਪੰਜਾਬ ਸਟੇਟ ਕਾਰਪੋਰੇਸ਼ਨ ਲਿਮਟਿਡ ਮੋਗਾ ਦੇ ਐਕਸੀਅਨ ਤੇ ਦਫ਼ਤਰ ਅੱਗੇ ਬਿਜਲੀ ਸਪਲਾਈ ਮਹਿਕਮੇ ਦੇ ਮਾੜੇ ਪ੍ਰਬੰਧ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਅਤੇ ਮਜ਼ਦੂਰ ਕਿਸਾਨ ਸੰਘਰਸ਼ ਕਮੇਟੀ ਅਤੇ ਕ੍ਰਾਂਤੀਕਾਰੀ ਈ ਰਿਕਸ਼ਾ ਦੇ ਆਗੂਆਂ ਤੇ ਵਰਕਰਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਐਕਸ਼ਨ ਦਫ਼ਤਰ ਅੱਗੇ ਲੱਗੇ ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰਧਾਨ ਜਗਮੋਹਨ ਸਿੰਘ ਕੰਗ, ਬਲਾਕ ਪ੍ਰਧਾਨ ਗੁਰਜੀਤ ਸਿੰਘ, ਸੰਦੀਪ ਸਿੰਘ ਚੂਹੜਚੱਕ, ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਆਗੂ ਲਖਵੀਰ ਸਿੰਘ ਅਤੇ ਮਜ਼ਦੂਰ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਦਰਸ਼ਨ ਸਿੰਘ, ਕ੍ਰਾਂਤੀਕਾਰੀ ਈ ਰਿਕਸ਼ਾ ਦੇ ਸਰਵਣ ਸਿੰਘ ਆਦਿ ਨੇ ਸੰਬੋਧਨ ਕੀਤਾ। ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੋਟਰਾਂ ਦੀ ਬਿਜਲੀ ਸਪਲਾਈ 16 ਘੰਟੇ ਅਤੇ ਘਰਾਂ ਦੀ ਬਿਜਲੀ ਸਪਲਾਈ 24 ਘੰਟੇ ਯਕੀਨੀ ਬਣਾਈ ਜਾਵੇ। ਖ਼ਰਾਬ ਹੋਏ ਟਰਾਂਸਫਾਰਮਾਂ ਨੂੰ ਬਦਲਣ ਲਈ ਨਵੇਂ ਟਰਾਂਸਫਾਰਮਾਂ ਨੂੰ ਪਹੁੰਚਾਉਣ ਦਾ ਪ੍ਰਬੰਧ ਸਰਕਾਰ ਖ਼ੁਦ ਕਰੇ। ਜੇਕਰ ਕੋਈ ਟਰਾਂਸਫ਼ਾਰਮ ਚੋਰੀ ਹੋ ਜਾਂਦਾ ਹੈ ਤਾਂ ਮਹਿਕਮਾ ਖ਼ੁਦ ਐਫ.ਆਈ.ਆਰ. ਦਰਜ ਕਰਾਵੇ। ਘਰਾਂ ਦੇ ਵਿਚ ਸਮਾਰਟ ਮੀਟਰ ਲਾਉਣੇ ਬੰਦ ਕੀਤੇ ਜਾਣ ਜਿਹੜੇ ਉਤਾਰ ਕੇ ਬਿਜਲੀ ਬੋਰਡ ਨੂੰ ਜਮਾਂ ਕਰਾਏ ਹਨ ਉਨ੍ਹਾਂ ਦੀ ਥਾਂ ਪੁਰਾਣੇ ਮੀਟਰ ਲਗਾਏ ਜਾਣ ਅਤੇ ਉਤਾਰੇ ਮੀਟਰਾਂ ਦਾ 10 ਫ਼ੀਸਦੀ ਦੇ ਹਿਸਾਬ ਨਾਲ ਜੋ ਬਿੱਲ ਭੇਜਿਆ ਜਾ ਰਿਹਾ ਹੈ, ਉਹ ਬੰਦ ਕੀਤਾ ਜਾਵੇ। ਖ਼ਰਾਬੀ ਸਮੇਂ ਚਾਹੀਦਾ ਲੋੜੀਂਦਾ ਸਮਾਨ, ਮਹਿਕਮੇ ਦੇ ਸਟੋਰਾਂ ਵਿਚ ਜਮਾਂ ਰੱਖਿਆ ਜਾਵੇ। ਬਿਜਲੀ ਬੋਰਡ ਦਾ ਨਿੱਜੀਕਰਨ ਅਤੇ ਨਿਗਮੀਕਰਨ ਬੰਦ ਕਰਕੇ ਸਰਕਾਰੀ ਭਰਤੀ ਸ਼ੁਰੂ ਕੀਤੀ ਜਾਵੇ। ਬਿਜਲੀ ਖ਼ਰੀਦਣ ਲਈ ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਸਮਝੌਤੇ ਰੱਦ ਕੀਤੇ ਜਾਣ ਅਤੇ ਆਪਣੇ ਥਰਮਲਾਂ ਨੂੰ ਚਲਾਇਆ ਜਾਵੇ। ਅਖੀਰ ਤੇ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਐਕਸੀਅਨ ਮੋਗਾ ਨੂੰ ਮੁੱਖ ਮੰਤਰੀ ਪੰਜਾਬ ਲਈ ਮੰਗ ਪੱਤਰ ਸੌਂਪਿਆ। ਉਨ੍ਹਾਂ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ਜਾਂ ਮੰਗ ਪੱਤਰ ਸਰਕਾਰ ਤੱਕ ਪਹੁੰਚਦਾ ਕਰਨਗੇ।
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਵਲੋਂ ਸਬ ਡਵੀਜ਼ਨ ਬੱਧਨੀ ਕਲਾਂ ਅੱਗ... ਅਗਲੀ ਖ਼ਬਰ ਸੰਤ ਕਬੀਰ ਦੀ ਮੂਰਤੀ ਸਥਾਪਨਾ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।