06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਵਲੋਂ ਸਬ ਡਵੀਜ਼ਨ ਬੱਧਨੀ ਕਲਾਂ ਅੱਗੇ ਧਰਨਾ

ਅਜੀਤ ਡੈਸਕ 01-07-2026
aਬੱਧਨੀ ਕਲਾਂ, 30 ਜੂਨ (ਸੰਜੀਵ ਕੋਛੜ)-ਆਪਣੇ ਖੇਤਾਂ ‘ਚ ਬਿਜਾਈਂ ਕਰ ਰਹੇ ਝੋਨੇ ਦੀ ਫ਼ਸਲ ਲਈ ਬਿਜਲੀ ਸਪਲਾਈ ਦੇ ਸੰਬੰਧ ਵਿਚ ਲੱਗ ਰਹੇ ਕੱਟਾਂ ਤੋਂ ਦੁਖੀ ਹੋ ਕੇ ਕਿਸਾਨਾਂ ਵਲੋਂ ਸਬ ਡਵੀਜ਼ਨ ਬੱਧਨੀ ਕਲਾਂ ਦੇ ਬਿਜਲੀ ਘਰ ਦੇ ਗਰਿੱਡ ਦੇ ਸਾਹਮਣੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਵਲੋਂ ਧਰਨਾ ਲਗਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ‘ਚ ਇਕੱਤਰ ਹੋਏ ਜਥੇਬੰਦੀਆਂ ਦੇ ਆਗੂਆਂ ਵਰਕਰਾਂ ਵਲੋਂ ਚੇਤਾਵਨੀ ਪੱਤਰ ਅਧਿਕਾਰੀਆਂ ਨੂੰ ਸੌਂਪਿਆ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬੱਧਨੀ ਕਲਾਂ ਇਕਾਈ ਦੇ ਪ੍ਰਧਾਨ ਜਗਜੀਤ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਸਾਲ ਜਦੋਂ ਝੋਨੇ ਦੀ ਲਵਾਈ ਪੂਰੇ ਜ਼ੋਰਾਂ ‘ਤੇ ਹੁੰਦੀ ਹੈ ਤਾਂ ਸਰਕਾਰ ਵਲੋਂ ਬੇਲੋੜੇ ਕੱਟ ਲਾ ਕੇ ਅਤੇ ਪੀ ਸੀ ਕੱਟ ਦਾ ਬਹਾਨਾ ਲਾ ਕੇ ਬਿਜਲੀ ਸਪਲਾਈ ਨੂੰ ਪ੍ਰਭਾਵਿਤ ਕੀਤਾ ਜਾਂਦਾ ਹੈ, ਜਿਸ ਨਾਲ ਕਿਸਾਨਾਂ ਦਾ ਲੱਖਾਂ ਰੁਪਏ ਦਾ ਜਿੱਥੇ ਡੀਜ਼ਲ ਮੱਚਦਾ ਹੈ, ਉੱਥੇ ਹੀ ਖੇਤਾਂ ਦੇ ਵਿਚ ਕੰਮ ਕਰ ਰਹੀ ਲੇਬਰ ਦਾ ਕੰਮ ਵੀ ਪੂਰੀ ਤਰਾਂ ਨਾਲ ਪ੍ਰਭਾਵਿਤ ਹੁੰਦਾ ਹੈ ਜਿਸ ਦਾ ਸਿੱਧਾ ਅਸਰ ਕਿਰਤ ਕਰਦੀ ਧਿਰ ਤੇ ਪੈਂਦਾ ਹੈ, ਇਸ ਦੌਰਾਨ ਸੰਬੋਧਨ ਕਰਦਿਆਂ ਬਲਾਕ ਆਗੂ ਕੇਵਲ ਕ੍ਰਿਸ਼ਨ ਸ਼ਰਮਾ ਨੇ ਕਿਹਾ ਕਿ ਕਿਸਾਨ ਤਾਂ ਪਹਿਲਾਂ ਹੀ ਮਹਿੰਗੇ ਭਾਅ ਦੀਆਂ ਰੇਹਾਂ, ਸਪਰੇਹਾਂ ਅਤੇ ਹੋਰਨਾਂ ਖ਼ਰਚਿਆਂ ਦੀ ਮਾਰ ਝੱਲਦਾ ਹੋਇਆ ਬੜੀ ਮੁਸ਼ਕਿਲ ਨਾਲ ਆਪਣੇ ਪਰਿਵਾਰ ਪਾਲ ਰਿਹਾ ਹੈ ਤੇ ਹਰ ਸਾਲ ਬਿਜਲੀ ਅਧਿਕਾਰੀ ਆਪਣੀਆਂ ਮਨਮਾਨੀਆਂ ਕਰਦੇ ਹੋਏ ਕਿਸਾਨਾਂ ਨੂੰ ਪੂਰੀ ਬਿਜਲੀ ਦੇਣ ਦੀ ਬਜਾਏ ਸਿਰਫ਼ ਫੋਕੀ ਬਿਆਨਬਾਜ਼ੀ ਨਾਲ ਡੰਗ ਟਪਾ ਰਹੇ ਹਨ, ਉਨ੍ਹਾਂ ਅਧਿਕਾਰੀਆਂ ਨੂੰ ਚੇਤਾਵਨੀ ਪੱਤਰ ਦਿੰਦੇ ਹੋਏ ਅਗਲੇਰੀ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਬਿਜਲੀ ਸਪਲਾਈ ਵਿਚ ਸੁਧਾਰ ਨਾ ਹੋਇਆ ਤਾਂ ਸਮੁੱਚੀ ਜਥੇਬੰਦੀਆਂ ਵਲੋਂ ਵੱਡਾ ਐਕਸ਼ਨ ਕਰਦਿਆਂ ਸਮੁੱਚੇ ਬਿਜਲੀ ਅਧਿਕਾਰੀਆਂ ਦਾ ਘਿਰਾਓ ਕੀਤਾ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਕਾਮਰੇਡ ਲਾਲ ਸਿੰਘ ਬੱਧਨੀ ਕਲਾਂ, ਸਾਧੂ ਸਿੰਘ ਮੱਲੇਆਣਾ ਪ੍ਰਧਾਨ, ਬੂਟਾ ਸਿੰਘ ਸਲਾਹਕਾਰ, ਗੁਰਭਗਤ ਸਿੰਘ ਰਣੀਆਂ, ਰੂਪ ਸਿੰਘ ਮੱਲੇਆਣਾ, ਕੇਵਲ ਸਿੰਘ ਪ੍ਰਧਾਨ ਬੱਧਨੀ ਖ਼ੁਰਦ, ਮਨਪ੍ਰੀਤ ਸਿੰਘ, ਹਰਮਨ ਸਿੰਘ, ਤਰਸੇਮ ਸਿੰਘ ਬੱਧਨੀ ਖ਼ੁਰਦ, ਬੁੱਧ ਸਿੰਘ ਮੱਲੇਆਣਾ, ਤਰਸੇਮ ਸਿੰਘ, ਜਗਸੀਰ ਸਿੰਘ ਰਣੀਆਂ, ਗੁਰਲਾਲ ਸਿੰਘ ਰਣੀਆਂ, ਦੇਵ ਸਿੰਘ ਲੋਪੋ, ਜਗਦੀਸ਼ ਸਿੰਘ ਲੋਪੋ, ਬੂਟਾ ਸਿੰਘ ਬੱਧਨੀ ਕਲਾਂ, ਜੀਤ ਸਿੰਘ, ਬੱਬੂ ਸਿੰਘ, ਕੁਲਵੰਤ ਸਿੰਘ ਤੋਂ ਇਲਾਵਾ ਹੋਰ ਵੀ ਆਗੂ, ਵਰਕਰ ਤੇ ਕਿਸਾਨ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਬੀਤੇ 10 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੋਈ ਹੈ ਅਤੇ ਹਰ ਪਾਸੇ ਬਿਜਲੀ ਦੀ ਘਾਟ ਨੂੰ ਲੈ ਕੇ ਜਿੱਥੇ ਕਿਸਾਨਾਂ ਨੂੰ ਵੱਡੀ ਮਾਰ ਝੱਲਣੀ ਪੈ ਰਹੀ ਹੈ, ਉੱਥੇ ਹੀ ਕਾਰੋਬਾਰੀਆਂ, ਦੁਕਾਨਦਾਰਾਂ ਇੱਥੋਂ ਤੱਕ ਕਿ ਪੈ ਰਹੀ ਅੱਤ ਦੀ ਗਰਮੀ ਕਾਰਨ ਘਰਾਂ ‘ਚ ਰਹਿ ਰਹੇ ਛੋਟੇ ਬੱਚੇ ਵੀ ਬਿਜਲੀ ਕੱਟਾਂ ਕਾਰਨ ਵਿਲਕਦੇ ਨਜ਼ਰ ਆਉਦੇਂ ਹਨ। ਬੁੱਧੀਜੀਵੀ ਵਰਗ ਦਾ ਕਹਿਣਾ ਹੈ ਕਿ ਅਨੇਕਾਂ ਹੀ ਸਰਕਾਰਾਂ ਆਈਆਂ ਤੇ ਗਈਆਂ ਪਰ ਲੋਕਾਂ ਤੋਂ ਟੈਕਸ ਦੇ ਪੈਸੇ ਇਕੱਠੇ ਤਾਂ ਕੀਤੇ ਗਏ ਪਰ ਬਿਜਲੀ ਦੀ ਘਾਟ ਨੂੰ ਪੂਰਾ ਕਰਨ ਲਈ ਅੱਜ ਤੱਕ ਕੋਈ ਪੱਕਾ ਹੱਲ ਨਹੀਂ ਕੀਤਾ ਗਿਆ ਜਿਸ ਕਰਕੇ ਅਕਸਰ ਹੀ ਕਿਸਾਨਾਂ ਜਾਂ ਸੰਘਰਸ਼ਸ਼ੀਲ ਜਥੇਬੰਦੀਆਂ ਨੂੰ ਹਰ ਵਾਰ ਧਰਨੇ ਮੁਜ਼ਾਹਰੇ ਕਰ ਕੇ ਆਪਣੀ ਮੰਗ ਨੂੰ ਮਨਵਾਉਣਾ ਪੈਂਦਾਂ ਹੈ।
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਬਿਜਲੀ ਸਪਲਾਈ ਅੱਠ ਘੰਟੇ ਨਾ ਮਿਲਣ ਕਰਕੇ ਗਰਿੱਡਾਂ ਦੇ ਘਿਰਾਓ ਦਾ ਐਲਾਨ-ਬਲੌ... ਅਗਲੀ ਖ਼ਬਰ ਬਿਜਲੀ ਸਪਲਾਈ ਦਰੁਸਤ ਕਰਾਉਣ ਲਈ ਘੇਰੇ ਐਕਸੀਅਨ ਦਫ਼ਤਰ-ਕੀਤੀ ਜ਼ੋਰਦਾਰ ਨਾਅਰੇਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।