ਮੋਗਾ, 24 ਜੁਲਾਈ (ਗੁਰਤੇਜ ਸਿੰਘ ਬੱਬੀ)-ਨੀਟ ਦੇ ਪੇਪਰ ਲੀਕ ਨੂੰ ਲੈ ਕੇ ਆਪਣਾ ਭਵਿੱਖ ਗੁਆ ਚੁੱਕੇ ਪ੍ਰਦਰਸ਼ਨ ਕਰ ਰਹੇ ਬੱਚਿਆਂ ਤੇ ਦਿੱਲੀ ਵਿਚ ਕੇਂਦਰ ਦੀ ਮੋਦੀ ਸਰਕਾਰ ਦੀ ਸ਼ਹਿ ’ਤੇ ਪੁਲਿਸ ਨੇ ਜੋ ਅੰਨਾ ਤਸ਼ੱਦਦ ਕੀਤਾ ਹੈ, ਉਸ ਨੇ ਕਰੂਰਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਅਤੇ ਬੱਚਿਆਂ ਤੇ ਵਹਿਸ਼ੀਆਣਾ ਢੰਗ ਨਾਲ ਹਮਲਾ ਕਰਕੇ ਹਜ਼ਾਰਾਂ ਦੀ ਤਾਦਾਦ ਵਿਚ ਬੱਚਿਆਂ ਦੀਆਂ ਲੱਤਾਂ ਬਾਂਹਾਂ ਤੋੜ ਦਿੱਤੀਆਂ ਗਈਆਂ ਅਤੇ ਦੇਸ ਵਿਚ ਇਹ ਪਹਿਲੀ ਵਾਰ ਹੋਇਆ ਕਿ ਕਿਸ ਦਰਿੰਦਗੀ ਨਾਲ ਸਲੂਕ ਕੀਤਾ ਗਿਆ, ਸਿਵਲ ਸੁਸਾਇਟੀ ਮੋਗਾ ਇਸ ਘਟਨਾ ਦੀ ਜੰਮ ਕੇ ਨਿੰਦਿਆਂ ਹੀ ਨਹੀਂ ਕਰਦੀ ਸਗੋਂ ਨੀਟ ਦੇ ਵਿਦਿਆਰਥੀਆਂ ਦੇ ਨਾਲ ਖੜ੍ਹ ਕੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰੇਗੀ। ਇਹ ਪ੍ਰਗਟਾਵਾ ਸਿਵਲ ਸੁਸਾਇਟੀ ਮੋਗਾ ਦੇ ਪ੍ਰਧਾਨ ਡਾ. ਕੁਲਦੀਪ ਸਿੰਘ ਗਿੱਲ ਅਤੇ ਮੁੱਖ ਸਲਾਹਕਾਰ ਅਜੇ ਸੂਦ ਗੋਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਨੀਟ ਦਾ ਪੇਪਰ ਲੀਕ ਹੋ ਜਾਣਾ ਕੇਂਦਰ ਸਰਕਾਰ ਦੀ ਸਭ ਤੋਂ ਵੱਡੀ ਨਾਕਾਮੀ ਹੈ ਅਤੇ ਇਸ ਨਾਲ ਦੇਸ ਦੇ ਲੱਖਾਂ ਬੱਚਿਆਂ ਦਾ ਭਵਿੱਖ ਤਬਾਹ ਹੋ ਗਿਆ ਹੈ ਅਤੇ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਖ਼ਤ ਕਾਰਵਾਈ ਕਰਦੇ ਹੋਏ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਤੋਂ ਤੁਰੰਤ ਅਸਤੀਫ਼ਾ ਲੈ ਕੇ ਇਸ ਮਾਮਲੇ ਦੀ ਜਾਂਚ ਕਿਸੇ ਏਜੰਸੀ ਤੋਂ ਕਰਵਾਈ ਜਾਵੇ ਤਾਂ ਕਿ ਅੱਗੇ ਤੋਂ ਅਜਿਹਾ ਨਾ ਹੋ ਸਕੇ। ਅਜੇ ਸੂਦ ਗੋਰਾ ਅਤੇ ਡਾ. ਕੁਲਦੀਪ ਸਿੰਘ ਗਿੱਲ ਨੇ ਦੱਸਿਆ ਕਿ ਸਿਵਲ ਸੁਸਾਇਟੀ ਮੋਗਾ ਇਸ ਦੇ ਖ਼ਿਲਾਫ਼ ਸੰਘਰਸ਼ ਕਰੇਗੀ ਅਤੇ ਜਲਦ ਹੀ ਨਵੀਂ ਰਣਨੀਤੀ ਬਣਾ ਕੇ ਕੇਂਦਰ ਸਰਕਾਰ ਅਤੇ ਦੇਸ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਨਾਂਅ ਮੰਗ ਪੱਤਰ ਦਿੱਤੇ ਜਾਣਗੇ ਤਾਂ ਕਿ ਇਸ ਵਹਿਸ਼ੀ ਘਟਨਾ ਦੀ ਜਾਂਚ ਕਰਕੇ ਬੱਚਿਆਂ ਨੂੰ ਇਨਸਾਫ਼ ਦਿਵਾਇਆ ਜਾ ਸਕੇ।