ਮੋਗਾ, 26 ਜੁਲਾਈ (ਸੁਰਿੰਦਰਪਾਲ ਸਿੰਘ)-ਸ਼ਹਿਰ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਦਿ ਲਰਨਿੰਗ ਫ਼ੀਲਡ ਏ ਗਲੋਬਲ ਸਕੂਲ (ਟੀ.ਐਲ.ਐਫ.) ਮੋਗਾ ਵਿਚ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਹਿੰਦੀ ਹਾਸ-ਕਵੀ ਦਰਬਾਰ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿਚ ਆਤਮ-ਵਿਸ਼ਵਾਸ, ਰਚਨਾਤਮਿਕਤਾ, ਮੰਚ ਸੰਚਾਲਨ ਦੀ ਯੋਗਤਾ ਅਤੇ ਹਿੰਦੀ ਭਾਸ਼ਾ ਪ੍ਰਤੀ ਪਿਆਰ ਨੂੰ ਉਤਸ਼ਾਹਿਤ ਕਰਨਾ ਸੀ। ਸਮਾਗਮ ਵਿਚ ਸਕੂਲ ਦੀ ਡਾਇਰੈਕਟਰ ਡਾ. ਮੁਸਕਾਨ ਗਰਗ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਨੰਨ੍ਹੇ ਵਿਦਿਆਰਥੀਆਂ ਨੇ ਆਪਣੀਆਂ ਹਾਸ-ਰਸ ਭਰੀਆਂ ਕਵਿਤਾਵਾਂ, ਮਾਸੂਮ ਅਦਾਵਾਂ ਅਤੇ ਪ੍ਰਭਾਵਸ਼ਾਲੀ ਪੇਸ਼ਕਾਰੀਆਂ ਨਾਲ ਸਭ ਦਾ ਮਨ ਮੋਹ ਲਿਆ। ਸਮਾਗਮ ਦਾ ਮੁੱਖ ਆਕਰਸ਼ਨ ਸਕੂਲ ਦੀ ਪ੍ਰਿੰਸੀਪਲ ਸੁਸ਼ਰੀ ਨੀਤੂ ਡਾਂਡੀ ਵਲੋਂ ਸਵੈ-ਰਚਿਤ ਹਾਸ-ਕਵਿਤਾ ਹੰਸੀ ਕੀ ਪਾਠਸ਼ਾਲਾ ਦਾ ਭਾਵਪੂਰਨ ਪਾਠ ਰਿਹਾ। ਸਕੂਲੀ ਜੀਵਨ ਦੀਆਂ ਦਿਲਚਸਪ ਘਟਨਾਵਾਂ, ਵਿਦਿਆਰਥੀਆਂ ਦੀਆਂ ਸ਼ਰਾਰਤਾਂ ਅਤੇ ਅਧਿਆਪਕਾਂ ਦੇ ਰੋਜ਼ਾਨਾ ਦੇ ਤਜਰਬਿਆਂ ‘ਤੇ ਆਧਾਰਿਤ ਉਨ੍ਹਾਂ ਦੀ ਪੇਸ਼ਕਾਰੀ ਨੇ ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ ਅਤੇ ਮਹਿਮਾਨਾਂ ਨੂੰ ਖ਼ੂਬ ਗੁਦਗੁਦਾਇਆ। ਇਸ ਮੌਕੇ ਸਕੂਲ ਦੇ ਚੇਅਰਮੈਨ ਇੰਜੀਨੀਅਰ ਜਨੇਸ਼ ਗਰਗ ਨੇ ਕਿਹਾ ਕਿ ਸਾਹਿਤਕ ਅਤੇ ਸਭਿਆਚਾਰਕ ਗਤੀਵਿਧੀਆਂ ਬੱਚਿਆਂ ਦੇ ਸਰਬਪੱਖੀ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਅਜਿਹੇ ਸਮਾਗਮ ਵਿਦਿਆਰਥੀਆਂ ਵਿਚ ਆਤਮ-ਵਿਸ਼ਵਾਸ, ਸੰਚਾਰ ਕੌਸ਼ਲ, ਰਚਨਾਤਮਿਕ ਸੋਚ ਅਤੇ ਅਭਿਵਿਅਕਤੀ ਦੀ ਸਮਰੱਥਾ ਨੂੰ ਹੋਰ ਮਜ਼ਬੂਤ ਕਰਦੇ ਹਨ। ਡਾਇਰੈਕਟਰ ਡਾ. ਮੁਸਕਾਨ ਗਰਗ ਨੇ ਵਿਦਿਆਰਥੀਆਂ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਭਵਿੱਖ ਵਿਚ ਵੀ ਆਪਣੀ ਪ੍ਰਤਿਭਾ ਨੂੰ ਹੋਰ ਨਿਖਾਰਨ ਅਤੇ ਮੰਚ ‘ਤੇ ਪੂਰੇ ਆਤਮ-ਵਿਸ਼ਵਾਸ ਨਾਲ ਆਪਣੀ ਕਲਾ ਪੇਸ਼ ਕਰਨ ਲਈ ਪ੍ਰੇਰਿਤ ਕੀਤਾ। ਸਮਾਗਮ ਦੇ ਅੰਤ ਵਿਚ ਸੁਸ਼ਰੀ ਸੋਨੀਆ ਸ਼ਰਮਾ ਨੇ ਧੰਨਵਾਦੀ ਮਤਾ ਪੇਸ਼ ਕਰਦਿਆਂ ਸਕੂਲ ਪ੍ਰਬੰਧਕ ਕਮੇਟੀ, ਮੁੱਖ ਮਹਿਮਾਨ, ਅਧਿਆਪਕਾਂ, ਵਿਦਿਆਰਥੀਆਂ ਅਤੇ ਸਮਾਗਮ ਨੂੰ ਸਫਲ ਬਣਾਉਣ ਵਾਲੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਹਿੰਦੀ ਹਾਸ-ਕਵੀ ਦਰਬਾਰ ਰਾਹੀਂ ਦਿ ਲਰਨਿੰਗ ਫ਼ੀਲਡ ਏ ਗਲੋਬਲ ਸਕੂਲ ਨੇ ਇਕ ਵਾਰ ਫਿਰ ਸਾਬਤ ਕੀਤਾ ਕਿ ਸੰਸਥਾ ਗੁਣਵੱਤਾ ਭਰਪੂਰ ਸਿੱਖਿਆ ਦੇ ਨਾਲ-ਨਾਲ ਸਾਹਿਤ, ਸਭਿਆਚਾਰ, ਰਚਨਾਤਮਿਕਤਾ ਅਤੇ ਵਿਦਿਆਰਥੀਆਂ ਦੇ ਸ਼ਖ਼ਸੀਅਤ ਵਿਕਾਸ ਲਈ ਵੀ ਨਿਰੰਤਰ ਯਤਨਸ਼ੀਲ ਹੈ।