ਬਾਘਾ ਪੁਰਾਣਾ, 26 ਜੁਲਾਈ (ਗੁਰਮੀਤ ਸਿੰਘ ਮਾਣੂੰਕੇ)- ਹਲਕਾ ਬਾਘਾ ਪੁਰਾਣਾ ਅੰਦਰ ਪਹੁੰਚ ਰਹੇ ‘ਮੀਰੀ-ਪੀਰੀ ਖਾਲਸਾ ਮਾਰਚ’ ਨੂੰ ਲੈ ਕੇ ਹਲਕੇ ਦੀਆਂ ਸਿੱਖ ਸੰਗਤਾਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ| ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਥੇਦਾਰ ਸੁਖਹਰਪ੍ਰੀਤ ਸਿੰਘ ਰੋਡੇ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਅੰਤ੍ਰਿੰਗ ਕਮੇਟੀ ਮੈਂਬਰ ਨੇ ਸਥਾਨਕ ਸ਼ਹਿਰ ’ਚ ਕੀਤੀ ਵਿਸ਼ੇਸ਼ ਮੀਟਿੰਗ ਦੌਰਾਨ ਕੀਤਾ| ਉਨ੍ਹਾਂ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਆਰੰਭ ਹੋਏ ‘ਮੀਰੀ-ਪੀਰੀ ਖਾਲਸਾ ਮਾਰਚ’ 29 ਜੁਲਾਈ ਨੂੰ ਹਲਕਾ ਬਾਘਾ ਪੁਰਾਣਾ ਅੰਦਰ ਸੰਗਤਾਂ ਦੇ ਵੱਡੇ ਕਾਫਲੇ ਨਾਲ ਪਹੁੰਚੇਗਾ| ਇਹ ਖਾਲਸਾ ਮਾਰਚ ਵੱਖ-ਵੱਖ ਪਿੰਡਾਂ ਸ਼ਹਿਰਾਂ ਦੇ ਪੜਾਅ ਕਰਦਾ ਹੋਇਆ 29 ਜੁਲਾਈ ਦਿਨ ਬੁੱਧਵਾਰ ਨੂੰ ਬਾਘਾ ਪੁਰਾਣਾ ਹਲਕੇ ’ਚ ਪਿੰਡ ਫੂਲੇਵਾਲਾ ਦੇ ਪੁਲ ਰਾਹੀਂ ਪ੍ਰਵੇਸ਼ ਕਰੇਗਾ ਜਿਸ ਉਪਰੰਤ ਵੱਡੀ ਗਿਣਤੀ ’ਚ ਸੰਗਤਾਂ ਦੇ ਕਾਫਲੇ ਨਾਲ ਇਹ ਖਾਲਸਾ ਮਾਰਚ ਪਿੰਡ ਨੱਥੋਕੇ ਤੋਂ ਬਾਘਾ ਪੁਰਾਣਾ ਸ਼ਹਿਰ ’ਚ ਪਹੁੰਚੇਗਾ| ਇਸ ਤੋਂ ਅਗਲੇ ਪੜਾਅ ਤਹਿਤ ਇਹ ਖਲਾਸਾ ਮਾਰਚ ਮੁੱਦਕੀ ਰੋਡ ਨੂੰ ਜਾਂਦਾ ਹੋਇਆ ਪਿੰਡ ਆਲਮਵਾਲਾ, ਲੰਗੇਆਣਾ ਨਵਾਂ ਤੇ ਪੁਰਾਣਾ, ਨੱਥੂਵਾਲਾ ਗਰਬੀ ਦਾ ਪੁਲ, ਵੱਡਾ ਘਰ, ਛੋਟਾ ਘਰ ਹੁੰਦਾ ਹੋਇਆ ਅਗਲੇ ਪੜਾਅ ਵੱਲ ਰਵਾਨਾ ਹੋਵੇਗਾ| ਇਸ ਖਾਲਸਾ ਮਾਰਚ ਸਬੰਧੀ ਜਥੇਦਾਰ ਸੁਖਹਰਪ੍ਰੀਤ ਸਿੰਘ ਰੋਡੇ ਨੇ ਹਲਕਾ ਬਾਘਾ ਪੁਰਾਣਾ ਦੀ ਸਮੁੱਚੀ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਵੱਡੀ ਗਿਣਤੀ ’ਚ ਸੰਗਤਾਂ ਇਸ ਮਾਰਚ ਵਿਚ ਸ਼ਾਮਿਲ ਹੋ ਕੇ ਗੁਰੂ ਮਹਾਰਾਜ ਅੱਗੇ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕਰਨ ਅਤੇ ਆਪਣਾ ਜੀਵਨ ਸਫਲਾ ਬਣਾਉਣ| ਇਸ ਮੌਕੇ ਛਿੰਦਰਪਾਲ ਸਿੰਘ ਮੱਲਕੇ, ਤਾਰਾ ਸਿੰਘ ਰੋਡੇ, ਹਰਜਿੰਦਰ ਸਿੰਘ ਰੋਡੇ, ਯੂਥ ਆਗੂ ਸੁਖਦੀਪ ਸਿੰਘ ਭਲੂਰ, ਸ਼ੈਰੀ ਭਲੂਰ, ਸਤਵੰਤ ਸਿੰਘ ਹੈਪੀ ਰੋਡੇ, ਸਤਨਾਮ ਸਿੰਘ ਸੱਤੂ ਐਮ.ਸੀ., ਜਵਾਹਰ ਸਿੰਘ ਰਾਜੇਆਣਾ, ਪ੍ਰਧਾਨ ਪਵਨ ਗੋਇਲ, ਚੈਰੀ ਭਾਟੀਆ, ਚੰਦਨ ਸੇਠੀ ਆਦਿ ਹਾਜ਼ਰ ਸਨ|