ਕੋਟ ਈਸੇ ਖਾਂ, 30 ਜੁਲਾਈ (ਗੁਰਮੀਤ ਸਿੰਘ ਖ਼ਾਲਸਾ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਜਿੱਥੇ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਵਫ਼ਾ ਕੀਤਾ ਗਿਆ, ਉੱਥੇ ਹੀ ਸੂਬੇ ਵਿਚੋਂ ਨਸ਼ੇ ਦੀ ਜੜ ਪੁੱਟਣ ਲਈ ਆਪ ਸਰਕਾਰ ਦੇ ਕਦਮ ਬੇਹੱਦ ਕਾਰਗਰ ਸਾਬਤ ਹੋਏ ਹਨ। ਇਹ ਪ੍ਰਗਟਾਵਾ ਸੀਨੀਅਰ ਆਪ ਆਗੂ ਗੁਰਪ੍ਰੀਤ ਸਿੰਘ ਗੋਪੀ ਮਾਨ ਦਾਤੇਵਾਲ ਨੇ ਪ੍ਰੈੱਸ ਬਿਆਨ ਰਾਹੀਂ ਕਰਦਿਆਂ ਕਿਹਾ ਕਿ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਇਕ ਲਹਿਰ ਸਿਰਜ ਕੇ ਕਾਫੀ ਹੱਦ ਤੱਕ ਨਸ਼ੇ ‘ਤੇ ਠੱਲ੍ਹ ਪਾਉਣ ‘ਚ ਜਿੱਥੇ ਸਫਲਤਾ ਹਾਸਿਲ ਕੀਤੀ, ਉੱਥੇ ਹੀ ਅਮਨ ਕਾਨੂੰਨ ਦੀ ਸਥਿਤੀ ਵੀ ਪਹਿਲਾਂ ਨਾਲੋਂ ਬਹੁਤ ਮਜ਼ਬੂਤ ਹੈ ਤੇ ਲੋਕ ਹੁਣ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੇ ਹਨ। ਹਲਕਾ ਧਰਮਕੋਟ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਹਰਮਨ ਪਿਆਰੇ ਆਗੂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵਲੋਂ ਹਲਕੇ ਦੇ ਹਰ ਪਿੰਡ ਦੀਆਂ ਬੁਨਿਆਦੀ ਸਹੂਲਤਾਂ ਤੇ ਹੋਰ ਚੰਗੇ ਕਾਰਜਾਂ ਤਹਿਤ ਪਿੰਡਾਂ ਦੀ ਨੁਹਾਰ ਬਦਲੀ ਹੈ ਤੇ ਨੌਜਵਾਨਾਂ, ਬੱਚਿਆਂ ਨੂੰ ਖੇਡ ਗਰਾਊਂਡਾਂ, ਜਿੰਮ ਬਣਾ ਕੇ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੀ ਮਹਿਲਾਵਾਂ ਨੂੰ ਹਜ਼ਾਰ ਰੁਪਏ ਮਹੀਨਾ, ਲੋੜਵੰਦਾਂ ਨੂੰ ਰਾਸ਼ਨ ਕਿੱਟਾਂ, ਬੀਮਾ ਯੋਜਨਾ ਵਰਗੀਆਂ ਸਹੂਲਤਾਂ ਵੀ ਵਿਧਾਇਕ ਲਾਡੀ ਢੋਸ ਦੀ ਮਿਹਨਤ ਸਦਕਾ ਲੋੜਵੰਦਾਂ ਤੱਕ ਸਹੀ ਢੰਗ ਨਾਲ ਪੁੱਜ ਰਹੀਆਂ ਹਨ ਅਤੇ ਲੋਕ ਵਿਧਾਇਕ ਢੋਸ ਦੀ ਕਾਰਜਸ਼ੈਲੀ ਤੋਂ ਪੂਰਨ ਖ਼ੁਸ਼ ਹਨ।