ਭਾਕਿਯੂ ਏਕਤਾ ਉਗਰਾਹਾਂ ਨੇ ਪੁਲਿਸ ਥਾਣੇ ਅੱਗੇ ਲਗਾਇਆ ਧਰਨਾ
ਬੱਧਨੀ ਕਲਾਂ, 28 ਅਕਤੂਬਰ (ਸੰਜੀਵ ਕੋਛੜ)-ਮਾਨਸਾ ਮੋਰਚੇ ਵੱਲ ਜਾ ਰਹੇ ਨੌਜਵਾਨ ਦੀ ਲਾਸ਼ ਖੋਹਣ ਅਤੇ ਲੋਕਾਂ ’ਤੇ ਲਾਠੀਚਾਰਜ ਕਰਨ ਦੀ ਨਿਖੇਧੀ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਸ਼ਹਿਰ ਦੇ ਬਾਜ਼ਾਰਾਂ ’ਚ ਰੋਸ ਰੈਲੀ ਕੱਢਣ ਉਪਰੰਤ ਪੁਲਿਸ ਥਾਣੇ ਅੱਗੇ ਧਰਨਾ ਲਗਾ ਕੇ ਪੁਲਿਸ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ| ਇਸ ਸਮੇਂ ਸੰਬੋਧਨ ਕਰਦਿਆਂ ਕੇਵਲ ਕ੍ਰਿਸ਼ਨ ਸ਼ਰਮਾ ਬਲਾਕ ਆਗੂ, ਗੁਰਚਰਨ ਸਿੰਘ ਰਾਮਾ ਬਲਾਕ ਪ੍ਰਧਾਨ ਆਦਿ ਸਮੇਤ ਹੋਰਨਾਂ ਬੁਲਾਰਿਆਂ ਨੇ ਕਿਹਾ ਕਿ ਭੰਮੇ ਕਲਾਂ ਪਿੰਡ ਦੇ 35 ਸਾਲਾ ਨੌਜਵਾਨ ਦੀ ਚਿੱਟੇ ਦੇ ਨਸ਼ੇ ਦੀ ਓਵਰਡੋਜ ਕਾਰਨ ਹੋਈ ਮੌਤ ਤੋਂ ਬਾਅਦ ਇਨਸਾਫ ਦੀ ਮੰਗ ਕਰ ਰਹੇ ਲੋਕਾਂ ਉੱਪਰ ਪੁਲਿਸ ਪ੍ਰਸ਼ਾਸਨ ਵਲੋਂ ਕੀਤਾ ਗਿਆ ਤਸ਼ੱਦਦ ਬਹੁਤ ਹੀ ਮੰਦ ਭਾਗਾ ਹੈ| ਉਨ੍ਹਾਂ ਨਸ਼ੇ ਦੇ ਵੱਡੇ ਸੌਦਾਗਰਾਂ ਨੂੰ ਫੜਨ, ਪਰਮਿੰਦਰ ਝੋਟੇ ਦੇ ਪਰਿਵਾਰਕ ਮੈਂਬਰਾਂ ਨੂੰ ਇਨਸਾਫ ਦੇਣ ਤੋਂ ਇਲਾਵਾ ਗ੍ਰਿਫਤਾਰ ਕੀਤੇ ਗਏ ਸੰਘਰਸ਼ਸ਼ੀਲ ਵਿਅਕਤੀਆਂ ਨੂੰ ਬਿਨਾਂ ਸ਼ਰਤ ਰਿਹਾ ਕਰਨ ਦੀ ਮੰਗ ਕੀਤੀ| ਇਸ ਮੌਕੇ ਗੁਰਚਰਨ ਸਿੰਘ ਰਾਮਾ, ਜਗਜੀਤ ਸਿੰਘ ਪ੍ਰਧਾਨ, ਜਗਰਾਜ ਸਿੰਘ ਕੁੱਸਾ, ਬਲਵਿੰਦਰ ਸਿੰਘ, ਕਰਤਾਰ ਸਿੰਘ ਰਾਮਾ, ਭਜਨ ਸਿੰਘ ਮੀਨੀਆਂ, ਗਿਆਨ ਸਿੰਘ ਮੱਲੇਆਣਾ, ਕੇਵਲ ਕ੍ਰਿਸ਼ਨ, ਹਰਜਿੰਦਰ ਸਿੰਗ ਗਿੱਲ ਚਰਨੀ ਗਿੱਲ, ਨਛੱਤਰ ਸਿੰਘ ਗਿੱਲ, ਬੂਟਾ ਸਿੰਘ, ਇਕਬਾਲ ਸਿੰਘ, ਸ਼ਮਸ਼ੇਰ ਸਿੰਘ ਆਦਿ ਸਮੇਤ ਹੋਰ ਵੀ ਆਗੂ ਤੇ ਵਰਕਰ ਹਾਜ਼ਰ ਸਨ|