15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਪਿਆਸੀ ਧਰਤੀ ਦੀ ਹਿੱਕ ਠਾਰੇਗਾ 'ਗੱਜਣਮਾਜਰਾ ਰਜਬਾਹਾ'

ਅਜੀਤ ਡੈਸਕ 26-01-2026
ਅਮਰਗੜ੍ਹ, 25 ਜਨਵਰੀ (ਜਤਿੰਦਰ ਮੰਨਵੀ) - ਪਿਛਲੇ ਕਈ ਦਹਾਕਿਆਂ ਤੋਂ ਨਹਿਰੀ ਪਾਣੀ ਨੂੰ ਤਰਸ ਰਹੇ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਅਨੇਕਾਂ ਕਿਸਾਨਾਂ ਦੀ ਉਮੀਦ ਨੂੰ ਉਸ ਵੇਲੇ ਨਵੀਂ ਪਰਵਾਜ਼ ਮਿਲੀ, ਜਦੋਂ ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਦੀ ਲੰਬੀ ਜੱਦੋ-ਜਹਿਦ ਅਤੇ ਦੂਰਅੰਦੇਸ਼ੀ ਸੋਚ ਸਦਕਾ ਪੰਜਾਬ ਸਰਕਾਰ ਨੇ 69 ਕਰੋੜ ਰੁਪਏ ਦੀ ਲਾਗਤ ਵਾਲੇ ਮੈਗਾ ਨਹਿਰੀ ਪ੍ਰੋਜੈਕਟ ਨੂੰ ਹਰੀ ਝੰਡੀ ਦੇ ਦਿੱਤੀ | ਇਹ ਪ੍ਰੋਜੈਕਟ ਨਾ ਸਿਰਫ਼ ਫ਼ਸਲਾਂ ਨੂੰ ਨਵਾਂ ਜੀਵਨ ਪ੍ਰਦਾਨ ਕਰੇਗਾ, ਸਗੋਂ ਤੇਜ਼ੀ ਨਾਲ ਹੇਠਾਂ ਜਾ ਰਹੇ ਪਾਣੀ ਦੇ ਪੱਧਰ ਕਾਰਨ 'ਡਾਰਕ ਜ਼ੋਨ' ਦੀ ਮਾਰ ਝੱਲ ਰਹੇ ਇਸ ਖ਼ਿੱਤੇ ਲਈ 'ਸੰਜੀਵਨੀ' ਬੂਟੀ ਸਾਬਤ ਹੋਵੇਗਾ | ਪਿੰਡ ਭੂਰਥਲਾ ਮੰਡੇਰ ਵਿਖੇ ਇਸ ਪ੍ਰੋਜੈਕਟ ਦੀ ਰਸਮੀ ਸ਼ੁਰੂਆਤ ਕਰਦਿਆਂ ਵਿਧਾਇਕ ਪ੍ਰੋ. ਗੱਜਣਮਾਜਰਾ ਨੇ ਕਿਹਾ ਕਿ ਅੰਗਰੇਜ਼ ਹਕੂਮਤ ਵੇਲੇ ਤੋਂ ਹੀ ਮਲੇਰਕੋਟਲਾ ਜ਼ਿਲ੍ਹੇ ਦੇ ਵੱਡੀ ਗਿਣਤੀ ਪਿੰਡਾਂ ਨਾਲ ਵਿਤਕਰਾ ਹੁੰਦਾ ਆਇਆ ਸੀ ਅਤੇ ਉਨ੍ਹਾਂ ਨੂੰ ਨਹਿਰੀ ਪਾਣੀ ਦੇ ਅਧਿਕਾਰ ਤੋਂ ਵਾਂਝਾ ਰੱਖਿਆ ਗਿਆ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਇਸ ਇਤਿਹਾਸਕ ਅਨਿਆਂ ਨੂੰ ਖ਼ਤਮ ਕਰਨ ਦਾ ਬੀੜਾ ਚੁੱਕਿਆ ਹੈ | ਉਨ੍ਹਾਂ ਦੱਸਿਆ ਕਿ ਕਰੀਬ 69 ਕਰੋੜ ਦੀ ਲਾਗਤ ਨਾਲ ਬਣਨ ਵਾਲਾ ਇਹ ਅੰਡਰਗਰਾਊਾਡ ਰਜਵਾਹਾ ਮਾਹਪੁਰ ਹੈੱਡ ਤੋਂ ਸ਼ੁਰੂ ਹੋ ਕੇ ਇਲਾਕੇ ਦੇ ਲਗਭਗ 22 ਪਿੰਡਾਂ ਦੇ ਕਰੀਬ 10 ਹਜ਼ਾਰ ਏਕੜ ਰਕਬੇ ਨੂੰ ਸਿੰਚਾਈ ਵਾਸਤੇ ਨਹਿਰੀ ਪਾਣੀ ਉਪਲਬਧ ਕਰਵਾਏਗਾ | ਇਸ ਨਵੀਂ ਨਹਿਰ ਨੂੰ ਗੱਜਣਮਾਜਰਾ ਰਜਵਾਹਾ ਦਾ ਨਾਂ ਦਿੱਤਾ ਗਿਆ ਹੈ, ਜੋ ਲੁਧਿਆਣਾ ਦੇ ਪਿੰਡ ਮਹਾਂਪੁਰ ਅਤੇ ਸਿਰਥਲਾ ਤੋਂ ਹੁੰਦਾ ਹੋਇਆ ਅਮਰਗੜ੍ਹ ਦੇ ਖੇਤਾਂ ਤੱਕ ਪਹੁੰਚੇਗਾ ਤੇ ਅਮਰਗੜ੍ਹ ਹਲਕੇ ਦੇ ਪਿੰਡ ਭੂਰਥਲਾ ਮੰਡੇਰ, ਗੱਜਣਮਾਜਰਾ, ਰੁੜਕੀ ਕਲਾਂ, ਚੰਦੂਰਾਈਆਂ, ਦੁਗਰੀ, ਜੱਟੂਆਂ, ਛੋਕਰਾਂ, ਮੰਡੀਆਂ, ਬੁੰਗਾ, ਸੇਹਕੇ, ਸਰਬਰਪੁਰ, ਭੈਣੀ ਕੰਬੋਆਂ, ਰਾਣਵਾਂ, ਹਥੋਆ ਅਤੇ ਹੈਦਰ ਨਗਰ ਦੇ ਮਿਹਨਤਕਸ਼ ਕਿਸਾਨਾਂ ਨੂੰ ਲਾਭ ਮਿਲੇਗਾ | ਵਿਧਾਇਕ ਨੇ ਦੱਸਿਆ ਕਿ ਅਮਰਗੜ੍ਹ ਹਲਕੇ 'ਚ ਨਹਿਰੀ ਪਾਣੀ ਨਾਲ ਜੁੜੇ 250 ਕਰੋੜ ਰੁਪਏ ਦੇ ਵੱਖ-ਵੱਖ ਪ੍ਰੋਜੈਕਟ ਚੱਲ ਰਹੇ ਹਨ | ਉਨ੍ਹਾਂ ਭਰੋਸਾ ਦਿੱਤਾ ਕਿ 31 ਮਾਰਚ ਤੱਕ ਮੁੱਖ ਰਜਵਾਹੇ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ ਅਤੇ ਅਪ੍ਰੈਲ ਮਹੀਨੇ ਤੱਕ ਪਾਈਪਾਂ ਰਾਹੀਂ ਪਾਣੀ ਸਿੱਧਾ ਕਿਸਾਨਾਂ ਦੇ ਖੇਤਾਂ ਤੱਕ ਅੱਪੜਦਾ ਕੀਤਾ ਜਾਵੇਗਾ | ਇਸ ਮੌਕੇ ਸਿੰਚਾਈ ਵਿਭਾਗ ਦੇ ਜ਼ਿਲ੍ਹਾਦਾਰ ਤੇਜਪਾਲ ਸਿੰਘ ਤੋਂ ਇਲਾਵਾ ਹਰਦੀਪ ਸਿੰਘ, ਨਿਰਮਲ ਸਿੰਘ, ਰਣਜੀਤ ਸਿੰਘ, ਬਹਾਦਰ ਸਿੰਘ, ਰਣਜੀਤ ਸਿੰਘ, ਜੰਗ ਸਿੰਘ, ਪੰਚ ਅਮਰਜੀਤ ਸਿੰਘ, ਚਰਨ ਸਿੰਘ, ਪੰਚ ਬਲਵੀਰ ਸਿੰਘ, ਲਾਲ ਸਿੰਘ ਫ਼ੌਜੀ, ਬਲਾਕ ਸੰਮਤੀ ਮੈਂਬਰ ਹਰਵਿੰਦਰ ਸਿੰਘ, ਕੁਲਜੀਤ ਸਿੰਘ, ਪੰਚ ਅਮਰ ਸਿੰਘ ਰੰਧਾਵਾ, ਰਾਕੇਸ਼ ਕੁਮਾਰ, ਜਗਜੀਤ ਸਿੰਘ, ਡਾ. ਕੁਲਦੀਪ ਸਿੰਘ, ਸੁਖਦੇਵ ਸਿੰਘ, ਅਮਰਿੰਦਰ ਸਿੰਘ, ਕੁਲਦੀਪ ਸਿੰਘ ਅਤੇ ਹੋਰ 'ਆਪ' ਆਗੂ ਹਾਜ਼ਰ ਸਨ | ਕਿਸਾਨਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਵਿਧਾਇਕ ਪ੍ਰੋ. ਗੱਜਣਮਾਜਰਾ ਦਾ ਧੰਨਵਾਦ ਕਰਦੇ ਹੋਏ ਆਖਿਆ ਕਿ ਇਹ ਸਿਰਫ਼ ਪਾਣੀ ਦੀ ਸਪਲਾਈ ਨਹੀਂ, ਸਗੋਂ ਉਨ੍ਹਾਂ ਦੀਆਂ ਆਉਣ ਵਾਲੀਆਂ ਨਸਲਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਦਾ ਇੱਕ ਸੁਚੱਜਾ ਯਤਨ ਹੈ |

ਪਿਛਲੀ ਖ਼ਬਰ ਸਾਹਿਤਕ ਸਮਾਗਮ ਦੌਰਾਨ ਮੋਹਨ ਸ਼ਰਮਾ ਹੋਏ ਸਰੋਤਿਆਂ ਦੇ ਰੂ-ਬਰੂ ਅਗਲੀ ਖ਼ਬਰ 27 ਜਨਵਰੀ ਨੂੰ ਬੈਂਕਾਂ 'ਚ ਹੜਤਾਲ ਮੌਕੇ ਸੰਗਰੂਰ ਵਿਚ ਹੋਵੇਗਾ ਵੱਡਾ ਮੁਜ਼ਾਹਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।