ਧੂਰੀ, 13 ਫਰਵਰੀ (ਲਖਵੀਰ ਸਿੰਘ ਧਾਂਦਰਾ) - ਪੰਜਾਬ ਦੀ ਨਿਆਂਪਾਲਿਕਾ ਦੇ ਖੇਤਰ ਵਿਚ ਧੂਰੀ ਸ਼ਹਿਰ ਦਾ ਮਾਣ ਉਸ ਸਮੇਂ ਹੋਰ ਵਧ ਗਿਆ ਜਦੋਂ ਇੱਥੋਂ ਦੇ ਸਥਾਨਕ ਨਿਵਾਸੀ ਅਤੇ ਉੱਘੀ ਸ਼ਖ਼ਸੀਅਤ ਜਗਜੀਤ ਸਿੰਘ ਕਲਸੀ ਨੇ ਵਧੀਕ ਸੈਸ਼ਨ ਜੱਜ ਵਜੋਂ ਨਿਯੁਕਤ ਹੋ ਕੇ ਇੱਕ ਮਹੱਤਵਪੂਰਨ ਪ੍ਰਾਪਤੀ ਹਾਸਲ ਕੀਤੀ | ਪੰਜਾਬ ਦੇ ਵਿੱਤ, ਯੋਜਨਾ ਅਤੇ ਆਬਕਾਰੀ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਸ੍ਰੀ ਕਲਸੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ | ਉਨ੍ਹਾਂ ਨੇ ਸ੍ਰੀ ਕਲਸੀ ਨੂੰ ਇਸ ਨਵੀਂ ਜ਼ਿੰਮੇਵਾਰੀ ਲਈ ਦਿਲੀ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਦੀਆਂ ਮਿਸਾਲੀ ਸੇਵਾਵਾਂ ਤੇ ਨਿਆਇਕ ਪ੍ਰਾਪਤੀਆਂ ਲਈ ਉਨ੍ਹਾਂ ਦਾ ਸਨਮਾਨ ਕੀਤਾ | ਸੰਖੇਪ ਸਮਾਗਮ ਦੌਰਾਨ ਜਿੱਥੇ ਚਾਰੇ ਪਾਸੇ ਖ਼ੁਸ਼ੀ ਦਾ ਮਾਹੌਲ ਸੀ, ਉੱਥੇ ਹੀ ਸ੍ਰੀ ਕਲਸੀ ਦੇ ਪਰਿਵਾਰਕ ਮੈਂਬਰ ਵੀ ਬੇਹੱਦ ਫ਼ਖ਼ਰ ਮਹਿਸੂਸ ਕਰ ਰਹੇ ਸਨ | ਇਸ ਮੌਕੇ ਉਨ੍ਹਾਂ ਦੀ ਧਰਮ-ਪਤਨੀ ਮਨਜੀਤ ਕੌਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਉਨ੍ਹਾਂ ਤੋਂ ਇਲਾਵਾ ਅਮਰਿੰਦਰ ਸਿੰਘ, ਵਿਕਾਸ ਕੁਰੈਸ਼ੀ ਅਤੇ ਸਰਬਜੀਤ ਸਿੰਘ ਸਮੇਤ ਹੋਰ ਪਤਵੰਤੇ ਸੱਜਣਾਂ ਨੇ ਵੀ ਸ਼ਿਰਕਤ ਕੀਤੀ ਅਤੇ ਸ੍ਰੀ ਕਲਸੀ ਦੀ ਇਸ ਸ਼ਾਨਦਾਰ ਸਫਲਤਾ 'ਤੇ ਆਪਣੀ ਖ਼ੁਸ਼ੀ ਸਾਂਝੀ ਕਰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ |