ਸੰਗਰੂਰ, 13 ਫਰਵਰੀ (ਅਮਨਦੀਪ ਸਿੰਘ ਬਿੱਟਾ) - ਸੰਗਰੂਰ ਸ਼ਹਿਰ ਵਿਚ ਆਵਾਰਾ ਕੁੱਤਿਆਂ ਦੀ ਦਹਿਸ਼ਤ ਘਟਣ ਦਾ ਨਾਮ ਨਹੀਂ ਲੈ ਰਹੀ ਹੈ | ਤਾਜ਼ੀ ਘਟਨਾ ਕੈਪਟਨ ਕਰਮ ਸਿੰਘ ਨਗਰ ਵਿਚ ਸਾਹਮਣੇ ਆਈ ਜਦ ਕਲੋਨੀ ਦੀ ਹੋਈ ਇਕੱਤਰਤਾ ਜਿਸ ਦੀ ਪ੍ਰਧਾਨਗੀ ਕੁਲਦੀਪ ਦੇਹਰਾਨ ਨੇ ਕੀਤੀ ਅਤੇ ਜਨਰਲ ਸਕੱਤਰ ਤਿਲਕ ਰਾਜ ਸਤੀਜਾ, ਮਨਦੀਪ ਮਿੱਤਲ, ਸੁਰੇਸ਼ ਕੁਮਾਰ, ਨਪਿੰਦਰ ਕੁਮਾਰ ਮੰਨੀ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਘੁੰਮ ਰਹੇ ਆਵਾਰਾ ਕੁੱਤਿਆਂ ਨੂੰ ਦੂਰ ਦੁਰਾਡੇ ਛੱਡਿਆਂ ਜਾਵੇ ਜਾ ਫਿਰ ਇਨ੍ਹਾਂ ਦੀ ਵਧਦੀ ਆਬਾਦੀ ਨੂੰ ਦੇਖਦਿਆਂ ਨਸਬੰਦੀ ਦੇ ਉਪਰਾਲੇ ਕੀਤੇ ਜਾਣ | ਕਲੋਨੀ ਨਿਵਾਸੀਆਂ ਨੇ ਕਲੋਨੀ ਅਤੇ ਸ਼ਹਿਰ ਵਿਚ ਆਵਾਰਾ ਕੁੱਤਿਆ ਦੀ ਦਹਿਸ਼ਤ ਬਾਰੇ ਵਿਸਥਾਰ ਨਾਲ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਕਿ ਹਾਲਤ ਅੱਜ ਇਹ ਹਨ ਕਿ ਛੋਟੇ ਬੱਚੇ ਘਰਾਂ ਵਿਚੋਂ ਇਕੱਲੇ ਨਹੀਂ ਨਿਕਲ ਸਕਦੇ ਹਨ | ਸਕੂਲ ਆਉਣ ਜਾਣ ਵੇਲੇ ਵੀ ਬੱਚਿਆ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾ ਸੁੰਦਰ ਬਸਤੀ ਵਿਚ ਵੀ ਆਵਾਰਾ ਕੁੱਤਿਆਂ ਕਾਰਨ ਕੁਝ ਬੱਚਿਆ ਦੇ ਜ਼ਖਮੀ ਹੋਣ ਦੀ ਖ਼ਬਰਾਂ ਸਾਹਮਣੇ ਆਈਆਂ ਸਨ | ਕਾਂਗਰਸ ਆਗੂ ਦਰਸ਼ਨ ਸਿੰਘ ਕਾਂਗੜਾ ਨੇ ਵੀ ਇਸ ਮੁੱਦੇ ਨੂੰ ਜ਼ੋਰ ਸ਼ੋਰ ਨਾਲ ਉਠਾਇਆ ਸੀ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਸੀ ਕਿ ਆਵਾਰਾ ਕੁੱਤਿਆ ਦਾ ਸਥਾਈ ਹੱਲ ਕੱਢਿਆ ਜਾਵੇ | ਕੈਪਟਨ ਕਰਮ ਸਿੰਘ ਨਗਰ ਵਿਚ ਹੋਈ ਇਸ ਇਕੱਤਰਤਾ ਦੌਰਾਨ ਮੱਘਰ ਸਿੰਘ ਢੀਂਡਸਾ, ਨਰਿੰਦਰ ਸ਼ਰਮਾ, ਕੈਲਾਸ਼ ਬਾਂਸਲ, ਸੁਖਮਿੰਦਰ ਸਿੰਘ ਗਰੇਵਾਲ, ਪ੍ਰੋ. ਮਨੋਜ ਗੁਪਤਾ, ਕਿ੍ਸ਼ਨ ਕੁਮਾਰ ਵੋਹਰਾ, ਸੁਭਾਸ਼ ਚੰਦ, ਨਰਿੰਦਰ ਮਨੀ, ਮਨਦੀਪ ਮਿੱਤਲ, ਅਤੇ ਅਮਨ ਗੋਇਲ ਆਦਿ ਵੀ ਮੌਜੂਦ ਸਨ |