ਮੂਨਕ, 13 ਫਰਵਰੀ (ਵਰਿੰਦਰ ਭਾਰਦਵਾਜ) - ਮੁੱਖ ਮੰਤਰੀ ਭਗਵੰਤ ਮਾਨ ਦੇ ਡਰੀਮ ਪ੍ਰੋਜੈਕਟ ਸੀ.ਐਮ. ਦੀ ਯੋਗਸ਼ਾਲਾ ਪਿੰਡ ਕੜੈਲ ਦੇ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ | ਇਸ ਪ੍ਰੋਜੈਕਟ ਵਿਚ ਯੋਗ ਦੀਆਂ ਫ਼ਰੀ ਕਲਾਸਾਂ ਲਾਈਆਂ ਜਾ ਰਹੀਆਂ ਹਨ ਜਿਸ ਵਿਚ ਸੂਖਸ਼ਮ ਵਿਯਾਮ, ਸਥੂਲ ਵਿਯਾਮ, ਆਸਣ, ਧਿਆਨ, ਪ੍ਰਾਣਾਯਾਮ ਆਦਿ ਸਿਖਾਇਆ ਜਾਂਦਾ ਹੈ | ਯੋਗ ਕਰਨ ਨਾਲ ਸਰਵਾਈਕਲ, ਬੈਕ ਪੇਨ, ਸਟਰੈੱਸ, ਚਿੰਤਾ, ਜੋੜਾਂ ਦੇ ਦਰਦ, ਮੋਟਾਪਾ ਹਾਈ-ਲੋਅ ਬਲੱਡ ਪੈ੍ਰਸ਼ਰ ਆਦਿ ਬਿਮਾਰੀਆਂ ਤੋਂ ਰਾਹਤ ਮਿਲ ਰਹੀ ਹੈ | ਕੜੈਲ ਦੇ ਰਹਿਣ ਵਾਲੇ (ਰਣਜੀਤ ਕੌਰ) ਨੇ ਦੱਸਿਆ ਕਿ ਉਨ੍ਹਾਂ ਨੂੰ ਸਰਵਾਈਕਲ ਤੋਂ ਰਾਹਤ ਮਿਲੀ ਹੈ ਅਤੇ 8 ਕਿੱਲੋਗ੍ਰਾਮ ਵਜ਼ਨ ਵੀ ਘਟਿਆ ਹੈ ਗੁਰਨਾਮ ਕੌਰ ਨੇ ਦੱਸਿਆ ਕਿ ਲਚਕੀਲਾਪਣ ਵਿਚ ਵਾਧਾ, ਚੁਸਤੀ ਫੁਰਤੀ ਵਧੀ ਹੈ | ਸਰੋਜ ਕੋਰ ਨੇ ਦੱਸਿਆ ਕਿ ਚੁਸਤੀ ਫੁਰਤੀ ਵਧੀ ਹੈ, ਸਰਵਾਈਕਲ ਅਤੇ ਬੈਕ ਪੇਨ ਤੋਂ ਛੁਟਕਾਰਾ ਮਿਲਿਆ ਹੈ | ਉੱਥੇ ਹੀ ਰਾਜ ਰਾਣੀ, ਰਮਨਦੀਪ ਕੌਰ ਨੇ ਦੱਸਿਆ ਕਿ ਸੀ.ਐਮ. ਦੀ ਯੋਗਸ਼ਾਲਾ ਪ੍ਰੋਜੈਕਟ ਪੰਜਾਬ ਸਰਕਾਰ ਦਾ ਸ਼ਲਾਘਾਯੋਗ ਕਦਮ ਹੈ ਇਸ ਰਾਹੀ ਯੋਗ ਦੇ ਨਿਯਮਿਤ ਅਭਿਆਸ ਦੇ ਨਾਲ-ਨਾਲ ਲੋਕਾਂ ਨੂੰ ਸਵਸਥ ਜੀਵਨ ਜਿਊਣ ਦੀ ਵੀ ਪ੍ਰੇਰਨਾ ਮਿਲ ਰਹੀ ਹੈ | ਇਸ ਮੌਕੇ ਨਿਰਮਲ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਨੇ ਸੀ.ਐਮ.ਦੀ ਯੋਗਸ਼ਾਲਾ ਦੇ ਬਾਰੇ ਦੱਸਦਿਆਂ ਕਿਹਾ ਹੈ ਕਿ ਇਹ ਪ੍ਰੋਜੈਕਟ ਸ਼ਹਿਰ ਅਤੇ ਪਿੰਡ ਨਿਵਾਸੀਆਂ ਲਈ ਵਰਦਾਨ ਸਾਬਤ ਹੋ ਰਿਹਾ ਹੈ |