ਧੂਰੀ, 13 ਫਰਵਰੀ (ਲਖਵੀਰ ਸਿੰਘ ਧਾਂਦਰਾ) - ਅੱਜ ਆੜ੍ਹਤੀਆ ਐਸੋਸੀਏਸ਼ਨ ਧੂਰੀ ਦੇ ਇੱਕ ਵਫ਼ਦ ਵਲੋਂ ਪ੍ਰਧਾਨ ਐਡਵੋਕੇਟ ਜਤਿੰਦਰ ਸਿੰਘ ਸੋਨੀ ਮੰਡੇਰ ਦੀ ਅਗਵਾਈ ਹੇਠ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐੱਸ.ਡੀ. ਸੁਖਵੀਰ ਸਿੰਘ ਨਾਲ ਨਵੀਂ ਅਨਾਜ ਮੰਡੀ ਵਿਚ ਆੜ੍ਹਤੀਆਂ ਅਤੇ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾਂ ਅਤੇ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਦੇ ਹੱਲ ਲਈ ਮੀਟਿੰਗ ਕੀਤੀ | ਮੀਟਿੰਗ ਦੇ ਵੇਰਵੇ ਸਾਂਝੇ ਕਰਦਿਆਂ ਪ੍ਰਧਾਨ ਜਤਿੰਦਰ ਸਿੰਘ ਸੋਨੀ ਮੰਡੇਰ ਨੇ ਦੱਸਿਆ ਕਿ ਉਨ੍ਹਾਂ ਨੇ ਓ.ਐੱਸ.ਡੀ. ਸੁਖਵੀਰ ਸਿੰਘ ਅੱਗੇ ਮੰਡੀ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਲਈ ਕਈ ਅਹਿਮ ਨੁਕਤੇ ਰੱਖੇ ਹਨ | ਇਨ੍ਹਾਂ ਵਿਚ ਰੇਲਵੇ ਲਾਈਨਾਂ ਵਾਲੇ ਪਾਸੇ ਦੇ ਨੀਵੇਂ ਫੜਾਂ ਨੂੰ ਉੱਚਾ ਕਰਨਾ, ਮਾਨਵਾਲਾ ਰੋਡ ਅਤੇ ਬੀਬੜੀਆਂ ਮੰਦਿਰ ਨੇੜੇ ਸਲਿਪ ਰੋਡ ਦੀ ਉਸਾਰੀ, ਸ਼ੈੱਡਾਂ ਦੇ ਪਾਣੀ ਦੀ ਨਿਕਾਸੀ ਦਾ ਪੱਕਾ ਪ੍ਰਬੰਧ, ਟੁੱਟੀਆਂ ਸੜਕਾਂ ਦੀ ਮੁਰੰਮਤ ਅਤੇ ਮੰਡੀ ਵਿਚ ਰੌਸ਼ਨੀ ਲਈ ਐਲ.ਈ.ਡੀ. ਲਾਈਟਾਂ ਲਗਾਉਣ ਦੀ ਮੰਗ ਸ਼ਾਮਲ ਹੈ | ਵਫ਼ਦ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਨ ਉਪਰੰਤ ਓ.ਐੱਸ.ਡੀ. ਸੁਖਵੀਰ ਸਿੰਘ ਨੇ ਹਾਂਦਰੂ ਰਵੱਈਆ ਦਿਖਾਉਂਦਿਆਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵਪਾਰੀਆਂ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਵਚਨਬੱਧ ਹੈ | ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਅਨਾਜ ਮੰਡੀ ਦੀਆਂ ਇਨ੍ਹਾਂ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਵਿਚਾਰਿਆ ਜਾਵੇਗਾ ਅਤੇ ਜਲਦ ਹੀ ਲੋੜੀਂਦੇ ਕੰਮ ਸ਼ੁਰੂ ਕਰਵਾਏ ਜਾਣਗੇ | ਇਸ ਮੌਕੇ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਜਿੰਦਲ, ਚੇਅਰਮੈਨ ਵਿਜੈ ਕੁਮਾਰ ਬਾਂਸਲ, ਬਲਵਿੰਦਰ ਕੁਮਾਰ ਬਬਲੂ, ਦਲਜਿੰਦਰ ਸਿੰਘ ਮਾਨ, ਸ਼ਮੀਰ ਕੁਮਾਰ ਸ਼ੱਮੀ, ਨਰੇਸ਼ ਗੁਪਤਾ, ਸ਼ੈਕੀ ਬਾਂਸਲ ਅਤੇ ਗੁਰਕੰਵਲ ਸਿੰਘ ਕੋਹਲੀ ਆਦਿ ਸ਼ਾਮਲ ਸਨ |