ਮੂਨਕ, 13 ਫਰਵਰੀ (ਵਰਿੰਦਰ ਭਾਰਦਵਾਜ) - ਐਨ.ਸੀ.ਸੀ. ਲੁਧਿਆਣਾ ਗਡਵਾਸੂ ਦੇ ਕੈਡਿਟਾਂ ਨੇ ਦਿੱਲੀ ਵਿਖੇ ਗਣਤੰਤਰ ਦਿਵਸ ਕੈਂਪ ਘੋੜ ਸਵਾਰੀ ਮੁਕਾਬਲਿਆਂ 2026 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਸਬ ਡਵੀਜ਼ਨ ਮੂਨਕ ਦੇ ਹਰਿਆਣਾ ਦੀ ਸਰਹੱਦ ਤੇ ਵਸੇ ਛੋਟੇ ਜਿਹੇ ਪਿੰਡ ਰਾਮਪੁਰਾ ਗੁੱਜਰਾਂ ਦੀ ਜੰਮਪਲ ਸਾਰਜੈਂਟ ਲਵਪ੍ਰੀਤ ਕੌਰ ਨੇ ਡਰੈਸੇਜ ਅਤੇ ਸ਼ੋਅਜੰਪਿੰਗ ਟਾਪ ਸਕੋਰ ਵਿਚ ਚਾਂਦੀ ਦੇ ਤਗਮੇ, ਸ਼ੋਅਜੰਪਿੰਗ ਫਾਲਟ-ਐਨ-ਆਊਟ ਵਿਚ ਕਾਂਸੀ ਦਾ ਤਗਮਾ, ਵੱਕਾਰੀ ਬੈੱਸਟ ਸ਼ੋਅਜੰਪਿੰਗ ਸਿਕਸ ਬਾਰ ਟਰਾਫ਼ੀ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਉਸ ਨੰੂ ਬੈੱਸਟ ਹਾਰਸ ਰਾਈਡਰ (ਲੜਕੀਆਂ) ਘੋਸ਼ਿਤ ਕੀਤਾ ਗਿਆ | ਲਵਪ੍ਰੀਤ ਕੌਰ ਦਾ ਪਿੰਡ ਪਹੁੰਚਣ ਤੇ ਪਿੰਡ ਵਾਸੀਆਂ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ, ਲਵਪ੍ਰੀਤ ਕੌਰ ਨੂੰ ਨੇੜਲੇ ਸ਼ਹਿਰ ਮੂਨਕ ਤੋਂ ਫੁੱਲਾਂ ਦੇ ਹਾਰ ਪਾ ਕੇ ਪੂਰੇ ਢੋਲ ਢਮੱਕੇ ਨਾਲ ਓਪਨ ਜੀਪ 'ਚ ਸਵਾਰ ਕਰਕੇ ਘਰ ਲਿਆਂਦਾ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਲਵਪ੍ਰੀਤ ਕੌਰ ਨੇ ਦੱਸਿਆ ਕਿ ਉਹ ਗਡਵਾਸੂ ਵਿਚ ਵੈਟਰਨਰੀ ਦੀ ਡਿਗਰੀ ਕਰ ਰਹੀ ਹੈ ਜਿੱਥੇ ਕਿ ਉਸ ਨੇ 2023 ਵਿਚ ਐਨ.ਸੀ.ਸੀ. ਦੇ ਯੂਨਿਟ ਵਿਚ ਘੋੜ ਸਵਾਰੀ ਦੀ ਸ਼ੁਰੂਆਤ ਕੀਤੀ ਸੀ ਤੇ ਢਾਈ ਸਾਲਾਂ ਦੀ ਸਖਤ ਮਿਹਨਤ ਨਾਲ ਅੱਜ ਪੀ.ਐਮ. ਰੈਲੀ ਦੌਰਾਨ ਮੈਡਲ ਜਿੱਤਣ ਦਾ ਮਾਣ ਮਹਿਸੂਸ ਹੋ ਰਿਹਾ ਹੈ | ਲਵਪ੍ਰੀਤ ਕੌਰ ਨੇ ਕਿਤੇ ਨਾ ਕਿਤੇ ਪੰਜਾਬ ਸਰਕਾਰ ਨਾਲ ਗਿਲਾ ਜ਼ਾਹਿਰ ਕਰਦਿਆਂ ਕਿਹਾ ਕਿ ਜਿੱਥੇ ਦੂਜੇ ਰਾਜਾਂ ਵਿਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਨਗਦ ਇਨਾਮ ਤੇ ਨੌਕਰੀਆਂ ਨਾਲ ਨਿਵਾਜਿਆ ਜਾਂਦਾ ਹੈ, ਪਰ ਪੰਜਾਬ ਵਿਚ ਸਿਰਫ਼ ਬੋਲ ਕੇ ਹੌਸਲਾ ਅਫਜਾਈ ਕਰਕੇ ਹੀ ਸਾਰ ਦਿੱਤਾ ਜਾਂਦਾ ਹੈ | ਲਵਪ੍ਰੀਤ ਨੇ ਦੱਸਿਆ ਕਿ ਇਸ ਉਪਲਬਧੀ ਵਿਚ ਉਸ ਨੰੂ ਕਾਲਜ, ਯੂਨਿਟ ਦੇ ਕਮਾਡੈਂਟ ਅਫ਼ਸਰ ਏ ਐਸ ਰਾਏ, ਕੋਚ ਅਮਨਦੀਪ ਸਿੰਘ ਤੇ ਪੂਰੇ ਪਰਿਵਾਰ ਦਾ ਸਹਿਯੋਗ ਰਿਹਾ ਜਿਨ੍ਹਾਂ ਹਮੇਸ਼ਾ ਪਿੱਛੇ ਹਟਣ ਦੀ ਬਜਾਏ ਅੱਗੇ ਵਧਣ ਲਈ ਹੌਸਲਾ ਦਿੱਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਲਵਪ੍ਰੀਤ ਕੌਰ ਦੇ ਦਾਦਾ ਗੁਰਦੇਵ ਸਿੰਘ, ਪਿਤਾ ਜਸਵਿੰਦਰ ਸਿੰਘ, ਮਾਤਾ ਕਰਮਜੀਤ ਕੌਰ ਤੋਂ ਇਲਾਵਾ ਸਰਪੰਚ ਬਬਲੀ ਸਿੰਘ, ਕਿਸਾਨ ਆਗੂ ਅਵਤਾਰ ਸਿੰਘ ਚੀਮਾ, ਬਖ਼ਸ਼ੀਸ਼ ਸਿੰਘ, ਹਲਕਾ ਇੰਚਾਰਜ ਐਡਵੋਕੇਟ ਗਗਨਦੀਪ ਸਿੰਘ ਖੰਡੇਬਾਦ, ਮੈਡਮ ਦਲਜੀਤ ਕੌਰ ਭੁੱਲਰ, ਚੇਅਰਮੈਨ ਗੋਲਡੀ ਚੀਮਾ, ਚੇਅਰਮੈਨ ਨਿਰਮਲ ਸਿੰਘ ਕੜੈਲ, ਗਗਨਦੀਪ ਰਾਮਪੁਰਾ, ਜਗਰਾਜ ਸਿੰਘ ਭੁਟਾਲ, ਦਲਜੀਤ ਕੌਰ, ਸਾਹਿਬ ਸਿੰਘ, ਕਰਨੈਲ ਸਿੰਘ ਨੰਬਰਦਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ |