ਮਲੇਰਕੋਟਲਾ, 13 ਫ਼ਰਵਰੀ (ਮੁਹੰਮਦ ਹਨੀਫ਼ ਥਿੰਦ) - ਪੰਜਾਬ ਪੁਲਿਸ ਵਲੋਂ ਚਲਾਈ ਗਈ ਮੁਹਿੰਮ ਆਪੇ੍ਰਸ਼ਨ ਪ੍ਰਹਾਰ 2.0 ਤਹਿਤ ਜ਼ਿਲ੍ਹਾ ਮਲੇਰਕੋਟਲਾ ਦੇ ਪੁਲਿਸ ਮੁਖੀ ਓਲੰਪੀਅਨ ਜਨਾਬ ਗਗਨ ਅਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਥਾਣਾ ਸਿਟੀ-1 ਮਲੇਰਕੋਟਲਾ ਦੀ ਪੁਲਿਸ ਨੇ ਲੁੱਟ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਪੰਜ ਮੈਂਬਰੀ ਗਰੋਹ ਦਾ ਭਾਂਡਾ ਭੰਨਿਆ | ਉਪਰੋਕਤ ਜਾਣਕਾਰੀ ਦਿੰਦਿਆਂ ਜਨਾਬ ਮਾਨਵਜੀਤ ਸਿੰਘ ਸਿੱਧੂ ਡੀ.ਐਸ.ਪੀ. ਮਲੇਰਕੋਟਲਾ ਨੇ ਦੱਸਿਆ ਕਿ ਇੰਸਪੈਕਟਰ ਦਲਜੀਤ ਸਿੰਘ ਗਿੱਲ ਮੁੱਖ ਅਫ਼ਸਰ ਥਾਣਾ ਸਿਟੀ -1 ਮਲੇਰਕੋਟਲਾ ਅਤੇ ਉਨ੍ਹਾਂ ਦੇ ਸਾਥੀ ਕਰਮਚਾਰੀਆਂ ਨੇ ਬੜੀ ਮਿਹਨਤ ਨਾਲ ਨਸ਼ਿਆਂ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਉਕਤ ਮੁਕੱਦਮੇ ਵਿਚ 5 ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਕਰਕੇ 1 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ | ਉਨ੍ਹਾਂ ਹੋਰ ਦੱਸਿਆ ਕਿ ਜਿੰਨੀਆਂ ਵੀ ਲੁੱਟ-ਖੋਹ ਦੀਆਂ ਵਾਰਦਾਤਾਂ ਹੋਈਆਂ ਹਨ ਨੂੰ ਬੜੀ ਹੀ ਸੰਜੀਦਗੀ ਦੇ ਨਾਲ ਮਲੇਰਕੋਟਲਾ ਪੁਲਿਸ ਵਲੋਂ ਟੈਕਨੀਕਲ ਤਕਨੀਕ ਅਤੇ ਸੀ.ਸੀ.ਟੀ.ਵੀ. ਕਮਰਿਆਂ ਦੀਆਂ ਫੁਟੇਜ ਨੂੰ ਖੰਘਾਲਦੇ ਹੋਏ ਟਰੇਸ ਕਰਨ ਵਿਚ ਵੱਡੀ ਸਫਲਤਾ ਹਾਸਲ ਮਿਲੀ ਹੈ | ਜਿਸ ਦੇ ਤਹਿਤ ਮੁਕੱਦਮਾ ਨੰਬਰ 37 ਜੋ ਕਿ ਲੰਘੀਂ 11 ਫ਼ਰਵਰੀ ਨੂੰ 303 (2), 304,111, ਬੀ.ਐਨ.ਐਸ. ਅਤੇ 22/61/85 ਐਨ.ਡੀ.ਪੀ.ਐੱਸ. ਐਕਟ ਤਹਿਤ ਥਾਣਾ ਸਿਟੀ-1 ਮਲੇਰਕੋਟਲਾ ਵਿਖੇ ਦਰਜ ਰਜਿਸਟਰ ਕੀਤਾ ਗਿਆ ਸੀ | ਉਕਤ ਮੁਕੱਦਮਾ ਵਿਚ ਦੋਸ਼ੀਆਂ ਦੀ ਸ਼ਨਾਖ਼ਤ ਕਰਦੇ ਹੋਏ 5 ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਕੋਲੋਂ 11 ਨਸ਼ੀਲੀਆਂ ਸ਼ੀਸ਼ਿਆਂ, ਇੱਕ ਦਾਹ ਲੋਹਾ, 2 ਛੁਰੀਆਂ ਲੋਹਾ, 2 ਮੋਬਾਈਲ ਫ਼ੋਨ, ਇੱਕ ਬਿਨਾਂ ਨੰਬਰੀ ਮੋਰਟਸਾਇਕਲ ਬਰਾਮਦ ਹੋਇਆ ਹੈ | ਉਨ੍ਹਾਂ ਕਿਹਾ ਕਿ ਗਿ੍ਫ਼ਤਾਰ ਕੀਤੇ ਗਏ ਵਿਅਕਤੀ ਮਲੇਰਕੋਟਲਾ ਸ਼ਹਿਰ ਨਾਲ ਹੀ ਸੰਬੰਧ ਰੱਖਦੇ ਹਨ | ਗਿ੍ਫ਼ਤਾਰ ਦੋਸ਼ੀ ਮੁਹੰਮਦ ਸਾਹਿਲ ਉਰਫ਼ ਕਾਲੂ ਪੁੱਤਰ ਮੁਹੰਮਦ ਸ਼ਕੀਲ ਵਾਸੀ ਖ਼ੁਸ਼ਹਾਲ ਬਸਤੀ ਮਾਨਾਂ ਫਾਟਕ ਮਲੇਰਕੋਟਲਾ, ਮੁਹੰਮਦ ਇਮਰਾਨ ਪੁੱਤਰ ਮੁਹੰਮਦ ਅਦਰੀਸ ਵਾਸੀ ਖ਼ੁਸ਼ਹਾਲ ਬਸਤੀ ਮਾਨਾਂ ਫਾਟਕ ਮਲੇਰਕੋਟਲਾ, ਮੁਹੰਮਦ ਆਦਿਲ ਉਰਫ਼ ਮੋਟਾ ਪੁੱਤਰ ਮੁਹੰਮਦ ਅਨਵਰ ਵਾਸੀ ਖ਼ੁਸ਼ਹਾਲ ਬਸਤੀ ਮਾਨਾਂ ਫਾਟਕ ਮਲੇਰਕੋਟਲਾ, ਮੁਹੰਮਦ ਇਲਆਸ ਉਰਫ਼ ਸਾਹਿਲ ਪੁੱਤਰ ਮੁਹੰਮਦ ਰਮਜਾਨ ਵਾਸੀ ਤੋਲੇ ਵਾਲਾ ਖੂਹ ਖ਼ੁਸ਼ਹਾਲ ਬਸਤੀ ਮਾਨਾਂ ਫਾਟਕ ਮਲੇਰਕੋਟਲਾ ਅਤੇ ਵਿਸ਼ਾਲ ਉਰਫ਼ ਵਿੱਕੀ ਪੁੱਤਰ ਬਿਟੂ ਵਾਸੀ 786 ਚੌਂਕ ਨੇੜੇ ਪੂਜ ਦੀ ਹਵੇਲੀ ਮਲੇਰਕੋਟਲਾ ਹਾਲ ਕਿਰਾਏਦਾਰ ਵਾਸੀ ਸੱਟਾ ਚੌਂਕ ਮਲੇਰਕੋਟਲਾ ਨੂੰ ਕਾਬੂ ਕਰਕੇ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਜਿਨ੍ਹਾਂ ਕੋਲੋਂ ਹੋਰ ਵੀ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ | ਜਨਾਬ ਮਾਨਵਜੀਤ ਸਿੰਘ ਸਿੱਧੂ ਨੇ ਹੋਰ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਦੋਸ਼ੀਆਂ ਖ਼ਿਲਾਫ਼ ਥਾਣਾ ਸਿਟੀ-1 ਮਲੇਰਕੋਟਲਾ ਅਤੇ ਥਾਣਾ ਸਿਟੀ-2 ਮਲੇਰਕੋਟਲਾ ਵਿਚ ਵੀ ਕਾਫ਼ੀ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਸਨ ਜੋ ਕਿ ਨਸ਼ਾ/ਖੋਹਾਂ ਕਰਨ ਦੇ ਆਦੀ ਹਨ |