ਸੰਗਰੂਰ, 14 ਫਰਵਰੀ (ਦਮਨਜੀਤ ਸਿੰਘ) - ਜੀਂਦ ਰਿਆਸਤ ਦੀ ਰਾਜਧਾਨੀ ਰਹੇ ਸ਼ਹਿਰ ਸੰਗਰੂਰ ਅੰਦਰ ਬਣੇ ਰਿਆਸਤੀ ਦੀਵਾਨਖਾਨੇ ਦੀ ਹਾਲਤ ਕਰੋੜਾਂ ਰੁਪਏ ਖਰਚੇ ਜਾਣ ਦੇ ਬਾਵਜੂਦ ਮੁੜ ਖਸਤਾ ਹੋ ਗਈ ਹੈ | ਜ਼ਿਕਰਯੋਗ ਹੈ ਕਿ ਜੀਂਦ ਰਿਆਸਤ ਦੇ ਸਮੇਂ ਤੋਂ ਸੰਗਰੂਰ ਅੰਦਰ ਰਾਜ ਘਰਾਨੇ ਨਾਲ ਸੰਬੰਧਤ ਬਹੁਤ ਸਾਰੀਆਂ ਇਤਿਹਾਸਿਕ ਇਮਾਰਤਾਂ ਮੌਜੂਦ ਹਨ ਜਿਨ੍ਹਾਂ ਵਿੱਚੋਂ ਇੱਕ ਸ਼ਹਿਰ ਦੇ ਬਨਾਸਰ ਬਾਗ ਦੀ ਹਦੂਦ ਅੰਦਰ ਬਣਿਆ ਸ਼ਾਹੀ ਦੀਵਾਨਖਾਨਾ ਵੀ ਹੈ | ਇਸ ਦੀਵਾਨ ਖਾਨੇ ਦੀ ਹਾਲਤ ਸੁਧਾਰਨ ਲਈ ਪਿਛਲੀ ਕਾਂਗਰਸ ਸਰਕਾਰ ਸਮੇਂ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦੇ ਯਤਨਾਂ ਸਦਕਾ ਕਦਮ ਚੁੱਕੇ ਗਏ ਸਨ ਅਤੇ ਇਸ ਦੀਵਾਨਖਾਨੇ ਦੀ ਮੁਰੰਮਤ ਲਈ ਸਰਕਾਰ ਵਲੋਂ ਕਰੋੜਾਂ ਰੁਪਏ ਖ਼ਰਚ ਕੇ ਮੁੜ ਇਸ ਦੀ ਪੁਰਾਣੀ ਅਤੇ ਰਿਆਸਤੀ ਦਿਖ ਬਹਾਲ ਕਰ ਦਿੱਤੀ ਗਈ ਸੀ | ਇਸ ਦੀਵਾਨਖਾਨੇ ਵਿਚ ਬਣੇ ਅਜਾਇਬ ਘਰ ਸਮੇਤ ਸਾਰੀ ਇਮਾਰਤ ਦੇ ਕਰੀਬ ਦੋ ਢਾਈ ਸਾਲਾਂ ਤੱਕ ਚੱਲੇ ਮੁਰੰਮਤ ਦੇ ਕੰਮ ਉਪਰੰਤ ਉਸ ਸਮੇਂ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਇਸ ਦਾ ਉਦਘਾਟਨ ਕਰਦਿਆਂ ਇਸ ਨੂੰ ਆਮ ਲੋਕਾਂ ਲਈ ਖੋਲ੍ਹਣ ਦਾ ਦਾਅਵਾ ਕੀਤਾ ਗਿਆ ਸੀ | ਮੁੱਖ ਮੰਤਰੀ ਵਲੋਂ ਉਦਘਾਟਨ ਕਰਨ ਉਪਰੰਤ ਸ਼ਹਿਰ ਵਾਸੀਆਂ ਵਿਚ ਇਸ ਗੱਲ ਦੀ ਵੱਡੀ ਤਸੱਲੀ ਸੀ ਕਿ ਉਨ੍ਹਾਂ ਦੇ ਸ਼ਹਿਰ ਦੀ ਇਸ ਵਿਰਾਸਤੀ ਧ੍ਰੋਹਰ ਨੂੰ ਸੰਭਾਲਣ ਲਈ ਸਰਕਾਰ ਵਲੋਂ ਚੁੱਕੇ ਗਏ ਕਦਮ ਸ਼ਲਾਘਾਯੋਗ ਹਨ ਪਰ ਉਦਘਾਟਨ ਉਪਰੰਤ ਪੰਜਾਬ ਅੰਦਰ ਹੋਏ ਸੱਤਾ ਪਰਿਵਰਤਨ ਦੇ ਨਾਲ-ਨਾਲ ਇਸ ਦੀਵਾਨਖਾਨੇ ਦੇ ਭਾਗ ਵੀ ਮੁੜ ਪਰਿਵਰਤਨ ਹੋ ਗਏ ਅਤੇ ਇਹ ਇੱਕ ਵਾਰੀ ਫੇਰ ਤਾਲਿਆਂ ਅਤੇ ਜ਼ੰਜੀਰਾਂ ਪਿੱਛੇ ਹੀ ਜਕੜਿਆ ਰਹਿ ਗਿਆ | ਅੱਜ ਇਸ ਦੀਵਾਨਖਾਨੇ ਦੇ ਹਾਲਾਤ ਇਹ ਹਨ ਕਿ ਇਹ ਕਬੂਤਰਾਂ ਜਾਂ ਫਿਰ ਨਸ਼ੇੜੀਆਂ ਦਾ ਅੱਡਾ ਬਣ ਕੇ ਰਹਿ ਗਿਆ ਹੈ | ਸਰਕਾਰ ਵਲੋਂ ਇਸ ਦੀ ਮੁਰੰਮਤ ਉੱਤੇ ਖਰਚੇ ਕਰੋੜਾਂ ਰੁਪਏ ਮਿੱਟੀ ਵਿਚ ਮਿਲਦੇ ਦਿਖਾਈ ਦੇ ਰਹੇ ਹਨ ਕਿਉਂਕਿ ਪਿਛਲੇ ਚਾਰ-ਪੰਜ ਸਾਲਾਂ ਤੋਂ ਇਸ ਨੂੰ ਖੋਲਿ੍ਹਆ ਨਹੀਂ ਗਿਆ ਅਤੇ ਨਾ ਹੀ ਸਬੰਧਿਤ ਵਿਭਾਗ ਜਾਂ ਫਿਰ ਸਥਾਨਕ ਪ੍ਰਸ਼ਾਸਨ ਵਲੋਂ ਇਸ ਦੀ ਕੋਈ ਸਾਰ ਲਈ ਗਈ ਹੈ | ਦੀਵਾਨਖਾਨੇ ਦੀਆਂ ਕੰਧਾਂ ਮੁੜ ਤਰੇੜਾਂ ਖਾ ਗਈਆਂ ਹਨ ਅਤੇ ਰਾਜਪੁਤਾਨਾ ਇਮਾਰਤਾਂ ਮੁਤਾਬਿਕ ਇਸ ਉੱਤੇ ਮੁਰੰਮਤ ਲਈ ਵਰਤਿਆ ਗਿਆ ਲਾਲ ਚੂਨਾ ਭੁਰਨਾ ਸ਼ੁਰੂ ਹੋ ਗਿਆ ਹੈ |