ਸੰਗਰੂਰ, 15 ਫਰਵਰੀ (ਅਮਨਦੀਪ ਸਿੰਘ ਬਿੱਟਾ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਦਰਸ਼ਨ ਸਿੰਘ ਕਾਂਗੜਾ ਨੇ ਕਿਹਾ ਕਿ 'ਆਪ' ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਪੂਰੀ ਤਰ੍ਹਾਂ ਨਾਕਾਮ ਤੇ ਸਿਰਫ਼ ਦਿਖਾਵਟੀ ਹੈ | ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਦੌਰ 'ਚ ਪੰਜਾਬ ਦਾ ਨੌਜਵਾਨ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ ਅਤੇ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ 'ਆਪ' ਸਰਕਾਰ ਦੀ ਕਾਰਗੁਜ਼ਾਰੀ ਦੀ ਪੋਲ ਖ਼ੋਲ ਰਹੀਆਂ ਹਨ | ਕਾਂਗੜਾ ਨੇ ਆਪਣੀ ਰਿਹਾਇਸ਼ ਸੁੰਦਰ ਬਸਤੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਕਾਲੋਨੀ 'ਚ ਸਿਰਫ਼ 15 ਦਿਨਾਂ ਵਿਚ 4 ਨੌਜਵਾਨਾਂ ਨਸ਼ਿਆਂ ਦੀ ਭੇਟ ਚੜ੍ਹ ਗਏ | ਉਨ੍ਹਾਂ ਸਵਾਲ ਕੀਤਾ ਕਿ ਜੇ ਇਕ ਛੋਟੀ ਜਿਹੀ ਕਾਲੋਨੀ ਵਿਚ ਅਜਿਹੇ ਹਾਲਾਤ ਹਨ ਤਾਂ ਬਾਕੀ ਪੰਜਾਬ ਦੇ ਕੀ ਹਾਲਾਤ ਹੋਣਗੇ | ਕਾਂਗੜਾ ਨੇ ਕਿਹਾ ਕਿ ਦੁੱਖ ਇਸ ਗੱਲ ਦਾ ਵੀ ਹੈ ਕਿ ਕੋਈ ਵੀ ਅਧਿਕਾਰੀ ਜਾਂ ਨੁਮਾਇੰਦਾ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਨਹੀਂ ਪੁੱਜਿਆ ਜੋ ਸਰਕਾਰ ਦੀ ਸੰਵੇਦਨਹੀਨਤਾ ਦਾ ਪ੍ਰਮਾਣ ਹੈ | ਉਨ੍ਹਾਂ ਕਿਹਾ ਕਿ ਕਰੋੜਾ ਰੁਪਏ ਦੀ ਇਸ਼ਤਿਹਾਰਬਾਜ਼ੀ ਨਾਲ ਨਸ਼ਾ ਨਹੀਂ ਰੁਕਦਾ ਤੇ ਨਾ ਹੀ ਮਾਵਾਂ ਦੀ ਸੁੰਨੀਆਂ ਹੋਈਆਂ ਗੋਂਦਾ ਭਰਨਗੀਆਂ ਬਲਕਿ ਨਸ਼ਾ ਮਾਫ਼ੀਆਂ ਸ਼ਰੇਆਮ ਘੁੰਮ ਰਿਹਾ ਹੈ ਅਤੇ ਸਰਕਾਰ ਵਾਸਤਵ ਵਿਚ ਨਸ਼ਾ ਮਾਫ਼ੀਆਂ ਪ੍ਰਤੀ ਗੰਭੀਰ ਨਹੀਂ ਹੈ |