ਸੁਨਾਮ ਊਧਮ ਸਿੰਘ ਵਾਲਾ, 15 ਫਰਵਰੀ (ਧਾਲੀਵਾਲ, ਭੁੱਲਰ)-ਅੱਜ ਦੁਪਹਿਰ ਵੇਲੇ ਜਾਖਲ-ਲੁਧਿਆਣਾ ਰੇਲਵੇ ਲਾਈਨ 'ਤੇ ਸਥਾਨਕ ਫਲਾਈ ਓਵਰ ਨੇੜੇ ਇਕ ਨੌਜਵਾਨ ਵਲੋਂ ਰੇਲ ਗੱਡੀ ਹੇਠ ਆ ਕੇ ਆਪਣੀ ਜੀਵਨ ਲੀਲ੍ਹਾ ਖਤਮ ਕਰ ਲੈਣ ਦੀ ਖਬਰ ਹੈ | ਸੁਨਾਮ ਊਧਮ ਸਿੰਘ ਵਾਲਾ ਰੇਲਵੇ ਸਟੇਸ਼ਨ ਜੀ. ਆਰ. ਪੀ. ਚੌਕੀ ਦੇ ਇੰਚਾਰਜ ਸਹਾਇਕ ਥਾਣੇਦਾਰ ਸਰਬਜੀਤ ਸਿੰਘ ਨੇ ਦੱਸਿਆ ਕਿ ਨੇੜਲੇ ਪਿੰਡ ਨਾਗਰਾ ਦਾ ਜਗਸੀਰ ਸਿੰਘ ਸਾਲ ਕੁ ਪਹਿਲਾਂ ਕਿਸੇ ਵਜਹਾ ਸਿਰ 'ਤੇ ਸੱਟ ਲੱਗਣ ਕਾਰਨ ਕੰਮਕਾਜ ਕਰਨ ਤੋਂ ਆਹਰੀ ਸੀ, ਜਿਸ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ | ਜਿਸ ਦੇ ਚੱਲਦਿਆਂ ਅੱਜ ਦੁਪਹਿਰ ਲਗਪਗ ਡੇਢ ਕੁ ਵਜੇ ਜਗਸੀਰ ਸਿੰਘ (27) ਪੁੱਤਰ ਗੁਰਚਰਨ ਸਿੰਘ ਵਾਸੀ ਨਾਗਰਾ ਨੇ ਜਾਖਲ-ਲੁਧਿਆਣਾ ਰੇਲਵੇ ਲਾਈਨ'ਤੇ ਸ਼ਹਿਰ ਦੇ ਫਲਾਈ ਓਵਰ ਨੇੜੇ ਸੁਨਾਮ ਤੋਂ ਸੰਗਰੂਰ ਜਾ ਰਹੀ ਇਕ ਮਾਲ ਗੱਡੀ ਹੇਠ ਆ ਕੇ ਖ਼ੁਦਕੁਸ਼ੀ ਕਰ ਲਈ | ਸਹਾਇਕ ਥਾਣੇਦਾਰ ਸਰਬਜੀਤ ਸਿੰਘ ਨੇ ਕਿਹਾ ਕਿ ਪੁਲਿਸ ਵਲੋਂ ਮਿ੍ਤਕ ਨੌਜਵਾਨ ਦੇ ਪਿਤਾ ਗੁਰਚਰਨ ਸਿੰਘ ਦੇ ਬਿਆਨਾਂ 'ਤੇ ਬੀ. ਐਨ. ਐਸ. ਐਸ. ਦੀ ਧਾਰਾ 194 ਤਹਿਤ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ ਅਤੇ ਪੋਸਟਮਾਰਟਮ ਉਪਰੰਤ ਮਿ੍ਤਕ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ |