ਸੰਗਰੂਰ, 15 ਫਰਵਰੀ (ਧੀਰਜ ਪਸ਼ੌਰੀਆ)-ਸੰਗਰੂਰ 'ਚ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਗਿਆ | ਪ੍ਰਾਚੀਨ ਸ਼ਿਵ ਮੰਦਰ (ਬਗੀਚੀ ਵਾਲਾ) ਨੇੜੇ ਬੱਸ ਸਟੈਂਡ ਸੰਗਰੂਰ ਵਿਖੇ ਮਨਾਏ ਗਏ ਮਹਾ ਸ਼ਿਵਰਾਤਰੀ ਦੇ ਤਿਉਹਾਰ ਮੌਕੇ ਸਵੇਰ ਤੋਂ ਹੀ ਭਗਤਾਂ ਵਲੋਂ ਸ਼ਿਵਲਿੰਗ 'ਤੇ ਜਲ ਚੜ੍ਹਾਉਣ ਵਾਲੇ ਭਗਤਾਂ ਦਾ ਤਾਂਤਾ ਲੱਗਿਆ ਰਿਹਾ | ਮਹਾਂ ਸ਼ਿਵਰਾਤਰੀ ਦੇ ਤਿਉਹਾਰ ਨੂੰ ਲੈ ਕੇ ਮੰਦਰ ਨੂੰ ਖੂਬ ਸਜਾਇਆ ਗਿਆ ਸ਼ਿਵ ਭਗਤਾਂ ਨੂੰ ਕੋਈ ਦਿੱਕਤ ਨਾ ਆਵੇ ਇਸ ਲਈ ਕਮੇਟੀ ਵਲੋਂ ਪੂਰੇ ਪ੍ਰਬੰਧ ਕੀਤੇ ਗਏ ਹਨ | ਮੰਦਰ ਦੇ ਮੁੱਖ ਪੁਜਾਰੀ ਅਚਾਰੀਆ ਬ੍ਰਜੇਸ਼ ਜੀ, ਮੰਦਰ ਕਮੇਟੀ ਦੇ ਪ੍ਰਧਾਨ ਜਸਪਾਲ ਬਿੱਟੂ, ਸਤਪਾਲ ਸਿੰਗਲਾ, ਗਿਆਨ ਚੰਦ ਸਿੰਗਲਾ, ਸੁਰੇਸ਼ ਕੁਮਾਰ ਨਰੇਸ਼, ਐਡਵੋਕੇਡਰ ਰਾਜੀਵ ਜਿੰਦਲ, ਮਹੇਸ਼ ਕੁਮਾਰ ਮਾਸੀ, ਮਨਜੀਤ ਕੌਰ, ਸੁਰਜੀਤ ਜਿੰਦਲ, ਕੀਮਤ ਕੁਮਾਰ, ਰਕੇਸ਼ ਜੈਨ, ਅਨਿਲ ਕੁਮਾਰ, ਦਰਸ਼ਨ ਗੁਪਤਾ, ਪਾਵਨ ਗੁਪਤਾ, ਮਹਿੰਦਰ ਕੁਮਾਰ ਤੇ ਹੋਰ ਮੌਜੂਦ ਸਨ |
ਲੌਂਗੋਵਾਲ, (ਸ. ਸ. ਖੰਨਾ, ਵਿਨੋਦ)-ਪੱਤੀ ਗਾਹੂ ਵਿਖੇ ਬਣੇ ਪ੍ਰਾਚੀਨ ਸ਼ਿਵ ਮੰਦਰ ਵਿਖੇ ਮਹਾਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਮਨਾਇਆ, ਜਿਥੇ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਭਗਵਾਨ ਸ਼ਿਵ ਦਾ ਅਭਿਸ਼ੇਕ ਕਰਦਿਆਂ ਜਲ ਚੜ੍ਹਾਇਆ ਉਥੇ ਹਰਿਦੁਆਰ ਤੋਂ ਗੰਗਾ ਜਲ ਲੈ ਕੇ ਆਏ ਵੱਡੀ ਗਿਣਤੀ ਕਾਂਵੜੀਆਂ ਨੇ ਵੀ ਸ਼ਰਧਾ ਤੇ ਉਤਸ਼ਾਹ ਨਾਲ ਪੂਜਾ ਅਰਚਨਾ ਕੀਤੀ | ਇਸ ਪਵਿੱਤਰ ਇਤਿਹਾਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਵਲੋਂ ਵੀ ਆਪਣੀ ਹਾਜ਼ਰੀ ਭਰੀ ਗਈ | ਇਸ ਮੌਕੇ ਪੰਡਿਤ ਨਰੇਸ਼ ਕੁਮਾਰ ਸ਼ਾਸਤਰੀ ਤੇ ਮਾਸਟਰ ਨਰਿੰਦਰਪਾਲ ਸ਼ਰਮਾ ਵਲੋਂ ਇਸ ਪਵਿੱਤਰ ਤਿਉਹਾਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਅੱਜ ਦੇ ਦਿਨ ਭਗਵਾਨ ਸ਼ਿਵ ਤੇ ਮਾਤਾ ਪਾਰਵਤੀ ਦਾ ਵਿਆਹ ਹੋਇਆ ਸੀ ਜਿਸ ਕਰ ਕੇ ਇਹ ਤਿਉਹਾਰ ਪੂਰੇ ਹਿੰਦੁਸਤਾਨ 'ਚ ਮਨਾਇਆ ਜਾਂਦਾ ਹੈ | ਉਨ੍ਹਾਂ ਨੂੰ ਦੱਸਿਆ ਕਿ ਸ਼ਰਧਾਲੂਆਂ ਦੇ ਲਈ ਪਕੌੜਿਆਂ ਤੇ ਖੀਰ ਦੇ ਲੰਗਰ ਅਤੁੱਟ ਵਰਤਾਏ ਗਏ ਇਸ ਤੋਂ ਇਲਾਵਾ ਸ੍ਰੀ ਦੁਰਗਾ ਮੰਦਰ, ਸ੍ਰੀ ਹਨੂੰਮਾਨ ਮੰਦਰ, ਗੌਰੀ ਸ਼ੰਕਰ ਮੰਦਰ ਗੋਬਿੰਦ ਵਿਹਾਰ ਵਿਖੇ ਅੱਜ ਸਵੇਰ ਤੋਂ ਹੀ ਮੰਦਰਾਂ 'ਚ ਸ਼ਿਵ ਭਗਤਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਸਨ | ਵੱਖ-ਵੱਖ ਥਾਵਾਂ ਤੇ ਕਾਵੜੀਆਂ ਦਾ ਸ਼ਰਧਾਲੂਆਂ ਵਲੋ ਭਰਵਾਂ ਸਵਾਗਤ ਕੀਤਾ | ਇਸ ਮੌਕੇ ਨਗਰ ਕੌਂਸਲ ਪ੍ਰਧਾਨ ਪਰਮਿੰਦਰ ਕੌਰ ਬਰਾੜ, ਗੁਰਮੀਤ ਸਿੰਘ ਲੱਲੀ, ਸੁਖਵਿੰਦਰ ਸਿੰਘ ਚਹਿਲ, ਮਾਸਟਰ ਨਰਿੰਦਰ ਪਾਲ ਸ਼ਰਮਾ, ਪਾਰੁਲ ਸ਼ਰਮਾ, ਐਸ. ਡੀ. ਓ. ਨਵਦੀਪ ਕੁਮਾਰ ਗਰਗ, ਮੁਰਲੀ ਮਨੋਹਰ, ਕਮਲ ਬਰਾੜ, ਰਾਜ ਸਿੰਘ ਰਾਜੂ, ਵਿੱਕੀ ਵਸ਼ਿਸ਼ਟ, ਪੰਡਿਤ ਰਮੇਸ਼ ਸ਼ਰਮਾ ਪ੍ਰਧਾਨ ਬ੍ਰਾਹਮਣ ਸਭਾ ਲੌਂਗੋਵਾਲ, ਸੁਖਪਾਲ ਸਿੰਘ ਬਾਜਵਾ, ਜੀਵਨ ਸਿੰਘ ਗੁਰਜੰਟ ਖ਼ਾਨ, ਕਮਲਜੀਤ ਸ਼ਰਮਾ, ਸ਼ਾਨੂ ਸ਼ਰਮਾ, ਮਨੂੰ ਸ਼ਰਮਾ, ਰਵਿੰਦਰ ਸ਼ਰਮਾ, ਹਨੀ ਖੱਤਰੀ, ਰਾਜ ਕੁਮਾਰ, ਗੋਲਡੀ ਸ਼ਰਮਾ ਆਦਿ ਮੌਜੂਦ ਸਨ |
ਸੰਗਰੂਰ, (ਚੌਧਰੀ ਨੰਦ ਲਾਲ ਗਾਂਧੀ)-ਸਥਾਨਕ ਉਭਾਵਾਲ ਰੋਡ 'ਤੇ ਸਥਿਤ ਉਸਾਰੀ ਅਧੀਨ ਮਾਤਾ ਸ੍ਰੀ ਬੰਗਲਾ ਦੇਵੀ ਮੰਦਰ ਵਿਖੇ ਐਡਵੋਕੇਟ ਸਤਪਾਲ ਸ਼ਰਮਾ ਤੇ ਲੇਖਰਾਜ ਦੀ ਅਗਵਾਈ ਵਿਚ ਮਹਾ ਸ਼ਿਵਰਾਤਰੀ ਮੌਕੇ ਧਾਰਮਿਕ ਸਮਾਗਮ ਕਰਵਾਇਆ, ਜਿਸ 'ਚ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਆਗੂਆਂ ਵਲੋਂ ਸ਼ਿਰਕਤ ਕੀਤੀ ਗਈ | ਇਸ ਮੌਕੇ ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਤੇ ਸੂਬਾਈ ਪੈਨਸ਼ਨਰ ਆਗੂ, ਜੈ ਜਵਾਲਾ ਸੇਵਾ ਸੰਮਤੀ ਦੇ ਚੇਅਰਮੈਨ ਸ੍ਰੀ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਮਹਾ ਸ਼ਿਵਰਾਤਰੀ ਦਾ ਤਿਉਹਾਰ ਸਾਰੇ ਧਰਮਾਂ ਵਿਚ ਵਿਸ਼ੇਸ਼ ਮਹੱਤਵ ਰੱਖਦਾ ਹੈ | ਇਸ ਮੌਕੇ ਈਕੋ ਫਰੈਂਡਲੀ ਗਰੁੱਪ ਵਲੋਂ ਸ਼ਿਵ ਭਗਵਾਨ ਦਾ ਗੁਣਗਾਨ ਕਰਦੇ ਹੋਏ ਖੀਰ ਦਾ ਲੰਗਰ ਲਾਇਆ ਗਿਆ | ਲਹਿਰਾਗਾਗਾ ਨਿਵਾਸੀ ਸਭਾ ਦੇ ਪ੍ਰਧਾਨ ਤੇ ਸਾਬਕਾ ਪ੍ਰਧਾਨ ਪ੍ਰਾਚੀਨ ਸ਼ਿਵ ਮੰਦਰ ਬਗੀਚੀ ਵਾਲਾ ਰਜਿੰਦਰ ਗੋਇਲ, ਸਾਲਾਸਰ ਧਾਮ ਮੰਦਰ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਪ੍ਰੋ. ਸੁਰੇਸ਼ ਗੁਪਤਾ, ਭੀਮ ਸੈਨ, ਜੋਗਿੰਦਰਪਾਲ ਕਾਕਾ ਬਾਗੜੀ, ਐਡਵੋਕੇਟ ਪਵਨ ਗੁਪਤਾ, ਗੌਰਮਿੰਟ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਵਿਨਾਸ਼ ਸ਼ਰਮਾ, ਸ੍ਰੀ ਸੁੰਦਰ ਕਾਂਡ ਸੇਵਾ ਸੁਸਾਇਟੀ ਦੇ ਪ੍ਰਧਾਨ ਰਾਕੇਸ਼ ਗੁਪਤਾ, ਬਲਜਿੰਦਰ ਸਿੰਘ ਨਿੱਪੀ, ਸਤੀਸ਼ ਭੋਲਾ, ਕਿ੍ਸ਼ਨ ਗਰਗ, ਉੱਘੇ ਸਮਾਜ ਸੇਵੀ ਤੇ ਦਾਨੀ ਸ਼ਖ਼ਸੀਅਤ ਵਿਜੈ ਕੁਮਾਰ ਸਿੰਗਲਾ (ਸੁਪਰਡੰਟ), ਦੁੱਲਾ ਰਾਮ ਗੋਇਲ ਐਸ. ਡੀ. ਓ., ਕਿ੍ਸ਼ਨ ਗਰਗ ਡੋਨੀ, ਸੁਨੀਲ ਬਾਂਸਲ, ਵਿਜੈ ਕੁਮਾਰ, ਯਾਦਵਿੰਦਰ ਦਾਬਰਾ, ਸ਼ਾਮ ਲਾਲ ਜਿੰਦਲ, ਇੰਦੂ ਸਿੰਗਲਾ ਆਦਿ ਵੀ ਮੌਜੂਦ ਸਨ | ਐਡਵੋਕੇਟ ਸਤਪਾਲ ਸ਼ਰਮਾ ਨੇ ਦੱਸਿਆ ਕਿ ਮੰਦਰ ਉਸਾਰੀ ਅਧੀਨ ਤੇ ਛੇਤੀ ਹੀ ਇਸਦੀ ਉਸਾਰੀ ਮੁਕੰਮਲ ਕਰ ਲਈ ਜਾਵੇਗੀ |
ਸੁਨਾਮ ਊਧਮ ਸਿੰਘ ਵਾਲਾ, (ਰੁਪਿੰਦਰ ਸਿੰਘ ਸੱਗੂ)-ਮਹਾ ਸ਼ਿਵਰਾਤਰੀ ਦੇ ਸ਼ੁੱਭ ਮੌਕੇ 'ਤੇ ਆਯੋਜਿਤ ਵਿਸ਼ਾਲ ਕਲਸ਼ ਯਾਤਰਾ ਦਾ ਪ੍ਰਾਚੀਨ ਸ਼ਿਵਕੁਟੀ ਮੰਦਰ ਪਹੁੰਚਣ 'ਤੇ ਨਿੱਘਾ ਸਵਾਗਤ ਕੀਤਾ | ਮੰਦਰ ਕਮੇਟੀ ਤੇ ਮੁਹੱਲੇ ਦੇ ਨਿਵਾਸੀਆਂ ਨੇ ਕਲਸ਼ ਯਾਤਰਾ 'ਚ ਹਿੱਸਾ ਲੈਣ ਵਾਲੇ ਸ਼ਰਧਾਲੂਆਂ 'ਤੇ ਫੁਲ ਦੀ ਵਰਖਾ ਕੀਤੀ ਤੇ ਉਨ੍ਹਾਂ ਦਾ ਸਵਾਗਤ ਕੀਤਾ | 'ਹਰ ਹਰ ਮਹਾਦੇਵ' ਦੇ ਜੈਕਾਰਿਆਂ ਨਾਲ ਪੂਰਾ ਇਲਾਕਾ ਸ਼ਰਧਾ ਨਾਲ ਭਰ ਗਿਆ | ਇਸ ਮੌਕੇ ਮੰਦਰ ਕਮੇਟੀ ਵਲੋਂ ਸ਼ਰਧਾਲੂਆਂ ਨੂੰ ਫਰੂਟ ਵੰਡਿਆ ਗਿਆ | ਵੱਡੀ ਗਿਣਤੀ ਵਿਚ ਅÏਰਤਾਂ, ਨੌਜਵਾਨਾਂ ਅਤੇ ਬਜ਼ੁਰਗਾਂ ਨੇ ਕਲਸ਼ ਯਾਤਰਾ ਵਿਚ ਹਿੱਸਾ ਲਿਆ ਅਤੇ ਭਗਵਾਨ ਸ਼ਿਵ ਦੀ ਪੂਜਾ ਕੀਤੀ | ਇਸ ਮੌਕੇ ਸੰਦੀਪ ਸ਼ਰਮਾ ਨੇ ਕਿਹਾ ਕਿ ਮਹਾ ਸ਼ਿਵਰਾਤਰੀ ਦਾ ਤਿਉਹਾਰ ਸਾਨੂੰ ਸ਼ਰਧਾ, ਵਿਸ਼ਵਾਸ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੰਦਾ ਹੈ | ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਮਾਜ ਵਿਚ ਏਕਤਾ ਤੇ ਸਦਭਾਵਨਾ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ | ਉਨ੍ਹਾਂ ਸਾਰੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਭਵਿੱਖ 'ਚ ਵੀ ਇਸੇ ਤਰ੍ਹਾਂ ਦੇ ਧਾਰਮਿਕ ਸਮਾਗਮ ਆਯੋਜਿਤ ਕੀਤੇ ਜਾਂਦੇ ਰਹਿਣਗੇ | ਪ੍ਰੋਗਰਾਮ ਦੇ ਅੰਤ ਵਿਚ, ਸਾਰਿਆਂ ਨੇ ਸ਼ਹਿਰ ਦੀ ਖ਼ੁਸ਼ੀ, ਖ਼ੁਸ਼ਹਾਲੀ ਅਤੇ ਸ਼ਾਂਤੀ ਲਈ ਭਗਵਾਨ ਸ਼ਿਵ ਅੱਗੇ ਪ੍ਰਾਰਥਨਾ ਕੀਤੀ |
ਮੂਨਕ, (ਪ੍ਰਵੀਨ ਮਦਾਨ)-ਸ੍ਰੀ ਦੁਰਗਾ ਮੰਦਰ, ਦੇਹਲਾ ਰੋਡ, ਮੂਨਕ, ਪ੍ਰਾਚੀਨ ਸ਼ਿਵ ਮੰਦਰ, ਛੋਈ ਵਾਲਾ ਸ਼ਿਵ ਮੰਦਰ ਬਾਜ਼ਾਰ, ਸ੍ਰੀ ਰਾਮ ਮੰਦਰ ਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਮਹਾ ਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਸਥਾਨਕ ਮੰਦਰਾਂ ਨੂੰ ਰੰਗ-ਬਰੰਗਿਆਂ ਲਾਈਟਾਂ ਤੇ ਫੁੱਲਾਂ ਨਾਲ ਸਜਾਇਆ ਗਿਆ ਸੀ | ਸਵੇਰ ਤੋਂ ਹੀ ਮੰਦਰ 'ਚ ਸ਼ਰਧਾਲੂਆਂ ਦੀ ਭਾਰੀ ਭੀੜ ਸੀ | ਸ਼ਰਧਾਲੂਆਂ ਨੇ ਸ਼ਿਵਲਿੰਗ 'ਤੇ ਦੁੱਧ, ਪਾਣੀ, ਬੇਲ ਪੱਤਰ ਤੇ ਧਤੂਰਾ ਚੜ੍ਹਾ ਕੇ ਭਗਵਾਨ ਭੋਲੇਨਾਥ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਪ੍ਰਾਚੀਨ ਸ਼ਿਵ ਮੰਦਰ ਛੋਈ ਵਾਲਾ ਵਲੋਂ ਇੱਕ ਸੁੰਦਰ ਸ਼ੋਭਾ ਯਾਤਰਾ ਕੱਢੀ ਗਈ | ਇਸ ਦੌਰਾਨ ਅÏਰਤਾਂ ਨੇ ਕਲਸ਼ ਲੈ ਕੇ ਇਸ ਯਾਤਰਾ ਦੀ ਸ਼ੋਭਾ ਨੂੰ ਵਧਾਇਆ | ਰਾਤ ਸਮੇਂ ਭਗਵਾਨ ਸ਼ਿਵ ਦੀ ਉਸਤਤ ਕੀਤੀ ਗਈ | ਅੱਜ ਇਸ ਤਿਉਹਾਰ 'ਤੇ, ਹਰਿਦੁਆਰ ਤੋਂ ਗੰਗਾ ਜਲ ਕਾਵੜ ਲਿਆਉਣ ਵਾਲੇ ਸ਼ਰਧਾਲੂਆਂ ਨੇ ਆਪਣੇ-ਆਪਣੇ ਮੰਦਰਾਂ ਵਿਚ ਇਹ ਜਲ ਚੜ੍ਹਾਇਆ | ਪੂਰਾ ਸ਼ਹਿਰ ਸ਼ਿਵ ਭੋਲੇ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ |
ਧੂਰੀ, (ਲਖਵੀਰ ਸਿੰਘ ਧਾਂਦਰਾ, ਸੰਜੇ ਲਹਿਰੀ, ਸੁਖਵੰਤ ਸਿੰਘ ਭੁੱਲਰ)-ਮਹਾ ਸ਼ਿਵਰਾਤਰੀ ਦੇ ਪਾਵਨ ਅਵਸਰ 'ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਓ. ਐਸ. ਡੀ. ਸੁਖਵੀਰ ਸਿੰਘ ਵਲੋਂ ਧੂਰੀ ਹਲਕੇ ਦੇ ਵੱਖ-ਵੱਖ ਧਾਰਮਿਕ ਸਥਾਨਾਂ 'ਤੇ ਨਤਮਸਤਕ ਹੋ ਕੇ ਭਗਵਾਨ ਭੋਲੇਨਾਥ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਉਨ੍ਹਾਂ ਨੇ ਇਲਾਕੇ ਦੀ ਖੁਸ਼ਹਾਲੀ, ਅਮਨ-ਚੈਨ ਤੇ ਤਰੱਕੀ ਲਈ ਅਰਦਾਸ ਕੀਤੀ | ਇਸ ਮੌਕੇ ਉਹ ਪ੍ਰਾਚੀਨ ਸ਼ਿਵ ਮੰਦਰ ਦੋਹਲਾ ਵਿਖੇ ਲੱਗੇ ਵਿਸ਼ਾਲ ਮੇਲੇ ਵਿਚ ਵੀ ਸ਼ਾਮਿਲ ਹੋਏ, ਜਿਥੇ ਉਨ੍ਹਾਂ ਨੇ ਸੰਗਤਾਂ ਨਾਲ ਮਿਲ ਕੇ ਮਹਾਂ ਸ਼ਿਵਰਾਤਰੀ ਦੀਆਂ ਵਧਾਈਆਂ ਸਾਂਝੀਆਂ ਕੀਤੀਆਂ | ਉਪਰੰਤ ਓ. ਐਸ. ਡੀ. ਸ੍ਰੀ ਸੁਖਵੀਰ ਸਿੰਘ ਸ੍ਰੀ ਗਣੇਸ਼ ਮੰਦਰ, ਚੈਂਬਰ ਬਾਗ, ਮਲੇਰਕੋਟਲਾ ਰੋਡ, ਧੂਰੀ ਵਿਖੇ ਵੀ ਨਤਮਸਤਕ ਹੋਏ ਅਤੇ ਭਗਤਾਂ ਨਾਲ ਰਲ ਕੇ ਪ੍ਰਾਰਥਨਾ ਕੀਤੀ | ਇਸ ਦੇ ਨਾਲ ਹੀ ਉਹ ਪੰਚਵਟੀ ਮੰਦਰ, ਧੂਰੀ ਵਿਖੇ ਵੀ ਪਹੁੰਚੇ, ਜਿੱਥੇ ਉਨ੍ਹਾਂ ਨਤਮਸਤਕ ਹੋਣ ਉਪਰੰਤ ਧਰਮਸ਼ਾਲਾ ਦੇ ਨਿਰਮਾਣ ਦਾ ਪਹਿਲਾਂ ਪੜਾਅ ਪੂਰਾ ਹੋਣ 'ਤੇ ਧਰਮਸ਼ਾਲਾ ਦਾ ਉਦਘਾਟਨ ਕੀਤਾ | ਇਸ ਮੌਕੇ ਮੰਦਰ ਕਮੇਟੀਆਂ ਦੇ ਮੈਂਬਰਾਂ ਤੇ ਇਲਾਕਾ ਨਿਵਾਸੀਆਂ ਵਲੋਂ ਓ. ਐਸ. ਡੀ. ਸੁਖਵੀਰ ਸਿੰਘ ਦਾ ਸਨਮਾਨ ਵੀ ਕੀਤਾ | ਇਸ ਮੌਕੇ ਚੇਅਰਮੈਨ ਪੁਸ਼ਪਿੰਦਰ ਸ਼ਰਮਾ, ਸਰਪੰਚ ਜਸਵੀਰ ਸਿੰਘ ਦੋਹਰਾ, ਪੁਸ਼ਪਿੰਦਰ ਅੱਤਰੀ, ਸੁਖਵੀਰ ਸਿੰਘ ਸੋਢੀ ਵੀ ਮੌਜੂਦ ਸਨ |
ਲਹਿਰਾਗਾਗਾ, (ਅਸ਼ੋਕ ਗਰਗ)-ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਮਹਾਸ਼ਿਵਰਾਤਰੀ ਦੇ ਪਾਵਨ ਮੌਕੇ ਲਹਿਰਾਗਾਗਾ ਤੇ ਖਨੌਰੀ ਸ਼ਹਿਰ ਸਮੇਤ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਕਰਵਾਏ ਧਾਰਮਿਕ ਸਮਾਗਮਾਂ ਵਿਚ ਸ਼ਿਰਕਤ ਕੀਤੀ | ਇਸ ਦੌਰਾਨ ਉਨ੍ਹਾਂ ਨੇ ਵੱਖ-ਵੱਖ ਮੰਦਰਾਂ ਵਿਚ ਮੱਥਾ ਟੇਕ ਕੇ ਭਗਵਾਨ ਸ਼ਿਵ ਦੀ ਅਰਾਧਨਾ ਕੀਤੀ ਤੇ ਸੰਗਤ ਨਾਲ ਮਿਲ ਕੇ ਭਜਨ-ਕੀਰਤਨ ਵਿਚ ਭਾਗ ਲਿਆ | ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰ ਲੋਕਾਂ ਦੇ ਦੁੱਖ-ਸੁੱਖ 'ਚ ਹਮੇਸ਼ਾਂ ਨਾਲ ਖੜ੍ਹੀ ਹੈ ਤੇ ਜਨਤਾ ਦੀ ਸੇਵਾ ਹੀ ਸਰਕਾਰ ਦਾ ਮੁੱਖ ਉਦੇਸ਼ ਹੈ |
ਖਨੌਰੀ, (ਬਲਵਿੰਦਰ ਸਿੰਘ ਥਿੰਦ)-ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਮਹਾਸ਼ਿਵਰਾਤਰੀ ਦੇ ਪਾਵਨ ਮੌਕੇ ਖਨੌਰੀ ਸ਼ਹਿਰ ਸਮੇਤ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਕਰਵਾਏ ਗਏ ਧਾਰਮਿਕ ਸਮਾਗਮਾਂ ਵਿਚ ਸ਼ਿਰਕਤ ਕੀਤੀ | ਇਸ ਦੌਰਾਨ ਉਨ੍ਹਾਂ ਨੇ ਵੱਖ-ਵੱਖ ਮੰਦਰਾਂ ਵਿਚ ਮੱਥਾ ਟੇਕ ਕੇ ਭਗਵਾਨ ਸ਼ਿਵ ਦੀ ਅਰਾਧਨਾ ਕੀਤੀ ਅਤੇ ਸੰਗਤ ਨਾਲ ਮਿਲ ਕੇ ਭਜਨ-ਕੀਰਤਨ ਵਿਚ ਭਾਗ ਲਿਆ | ਕੈਬਨਿਟ ਮੰਤਰੀ ਨੇ ਸਮਾਗਮਾਂ ਦੌਰਾਨ ਸ਼ਿਵ ਭਗਤਾਂ ਤੇ ਇਲਾਕੇ ਦੇ ਵਸਨੀਕਾਂ ਨੂੰ ਮਹਾਂਸ਼ਿਵਰਾਤਰੀ ਦੀਆਂ ਦਿਲੋਂ ਵਧਾਈਆਂ ਦਿੰਦਿਆਂ ਕਿਹਾ ਕਿ ਭਗਵਾਨ ਸ਼ਿਵ ਦਾ ਜੀਵਨ ਸਾਦਗੀ, ਤਪੱਸਿਆ ਤੇ ਲੋਕ-ਕਲਿਆਣ ਦਾ ਪ੍ਰਤੀਕ ਹੈ, ਜਿਸ ਤੋਂ ਹਰ ਵਿਅਕਤੀ ਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ | ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਮਹਾਂਸ਼ਿਵਰਾਤਰੀ ਵਰਗੇ ਧਾਰਮਿਕ ਤਿਉਹਾਰ ਸਿਰਫ਼ ਆਸਥਾ ਦਾ ਪ੍ਰਗਟਾਵਾ ਹੀ ਨਹੀਂ ਹੁੰਦੇ, ਸਗੋਂ ਸਮਾਜ ਵਿੱਚ ਭਾਈਚਾਰੇ, ਸਾਂਝ ਅਤੇ ਆਪਸੀ ਪਿਆਰ ਨੂੰ ਮਜ਼ਬੂਤ ਕਰਨ ਦਾ ਸਾਧਨ ਵੀ ਬਣਦੇ ਇਸ ਮੌਕੇ ਤੇ ਨਗਰ ਪੰਚਾਇਤ ਖਨੌਰੀ ਦੇ ਸਾਬਕਾ ਪ੍ਰਧਾਨ ਗਿਰਧਾਰੀ ਲਾਲ ਗਰਗ, ਰਾਮ ਨਿਵਾਸ ਗਰਗ, ਮਹਾਂਵੀਰ ਪ੍ਰਸ਼ਾਦ ਢੇਲਾ, ਅਸ਼ੋਕ ਕੁਮਾਰ ਬੱਲਰਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵੱਖ ਵੱਖ ਅਹੁਦੇਦਾਰ ਤੇ ਵਰਕਰ, ਪਤਵੰਤੇ ਅਤੇ ਵੱਡੀ ਗਿਣਤੀ ਵਿਚ ਸ਼ਿਵ ਭਗਤ ਹਾਜ਼ਰ ਸਨ |
<br/>
ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਮਹਾ ਸ਼ਿਵਰਾਤਰੀ <br/>
ਅਜੀਤ ਡੈਸਕ
16-02-2026