ਸੁਨਾਮ ਊਧਮ ਸਿੰਘ ਵਾਲਾ, 15 ਫਰਵਰੀ (ਭੁੱਲਰ, ਧਾਲੀਵਾਲ, ਸੱਗੂ) -ਸਾਹਿਤ ਸਭਾ ਸੁਨਾਮ ਊਧਮ ਸਿੰਘ ਵਾਲਾ ਦੀ ਮਹੀਨਾਵਰ ਸਾਹਿਤਕ ਇਕੱਤਰਤਾ ਸ਼ਹੀਦ ਊਧਮ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੁਨਾਮ ਵਿਖੇ ਪ੍ਰਧਾਨ ਜਸਵੰਤ ਸਿੰਘ ਅਸਮਾਨੀ, ਗਿਆਨੀ ਜੰਗੀਰ ਸਿੰਘ ਰਤਨ ਤੇ ਦਲਬਾਰ ਸਿੰਘ ਚੱਠੇ ਸੇਖਵਾਂ ਦੀ ਪ੍ਰਧਾਨਗੀ 'ਚ ਕੀਤੀ ਗਈ | ਵਿਸ਼ਵ ਮਾਤ ਭਾਸ਼ਾ ਦਿਵਸ ਤੇ ਮਹਾਂ ਸ਼ਿਵਰਾਤਰੀ ਨੂੰ ਸਮਰਪਿਤ ਅੱਜ ਦੀ ਇਕੱਤਰਤਾ ਵਿਚ ਸਾਹਿਤ ਸਭਾ ਦੇ ਸਰਪ੍ਰਸਤ ਗਿਆਨੀ ਜੰਗੀਰ ਸਿੰਘ ਰਤਨ ਨੇ ਕਿਹਾ ਕਿ ਅੱਜ ਕੌਮਾਂਤਰੀ ਮਾਤ ਭਾਸ਼ਾ ਦਿਵਸ ਮੌਕੇ ਸੰਸਾਰ ਭਰ ਦੀਆਂ ਸਮੂਹ ਭਾਸ਼ਾਵਾਂ ਨੂੰ ਬਹੁਤ ਬਹੁਤ ਮੁਬਾਰਕਬਾਦ | ਹਰ ਭਾਸ਼ਾ ਦੇ ਧੀਆਂ ਪੁੱਤਰਾਂ ਨੂੰ ਆਪਣੀ ਮਾਤ ਭਾਸ਼ਾ ਦੀ ਸਲਾਮਤੀ ਤੇ ਸਤਿਕਾਰ, ਵਿਕਾਸ ਤੇ ਵਿਗਾਸ ਲਈ ਸਦਾ ਜਾਗਰੂਕ ਰਹਿਣਾ ਚਾਹੀਦਾ ਹੈ | ਸਾਨੂੰ ਆਪਣੀ ਮਾਤ ਭਾਸ਼ਾ ਪੰਜਾਬੀ ਤੇ ਮਾਣ ਹੈ | ਪੰਜਾਬੀ ਭਾਸ਼ਾ ਸਾਡੀ ਪਛਾਣ, ਸ਼ਾਨ ਤੇ ਜ਼ਿੰਦ ਜਾਨ ਹੈ | ਪ੍ਰਧਾਨ ਜਸਵੰਤ ਸਿੰਘ ਅਸਮਾਨੀ ਨੇ ਕਿਹਾ ਕਿ ਸਭ ਨੂੰ ਆਪੋ ਆਪਣੀ ਮਾਤ ਭਾਸ਼ਾ ਨੂੰ ਪਿਆਰ ਅਤੇ ਦੂਜੀਆਂ ਭਾਸ਼ਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ | ਦਲਬਾਰ ਸਿੰਘ ਚੱਠੇ ਸ਼ੇਖਵਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਆਪਣੀ ਮਾਤ ਭਾਸ਼ਾ ਦੀ ਖ਼ੁਸ਼ਹਾਲੀ ਅਤੇ ਰਖਵਾਲੀ ਲਈ ਹਰ ਪੱਖੋਂ ਹਮੇਸ਼ਾ ਯਤਨਸ਼ੀਲ ਅਤੇ ਸਾਵਧਾਨ ਰਹਿਣ ਦੀ ਜ਼ਰੂਰਤ ਹੈ | ਐਡਵੋਕੇਟ ਰਮੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਮਾਂ ਸ਼ਬਦ ਬੋਲਿਆਂ ਮੂੰਹ ਮਿਠਾਸ ਨਾਲ ਭਰ ਜਾਂਦਾ ਹੈ ਅਤੇ ਮਾਂ ਬੋਲੀ ਬੋਲਿਆਂ ਮਨ ਹੁਲਾਸ ਨਾਲ ਭਰ ਜਾਂਦਾ ਹੈ | ਪਵਨ ਕੁਮਾਰ ਹੋਸੀ ਨੇ ਕਿਹਾ ਕਿ ਵਿਦਵਾਨ ਲੇਖਕਾਂ ਦੀਆਂ ਕਲਮਾਂ ਹੀ ਆਪਣੇ ਵਿਦਵਾਨ ਵਿਚਾਰਾਂ ਰਾਹੀਂ ਸਮਾਜ ਨੂੰ ਸਹੀ ਸੇਧ ਪ੍ਰਦਾਨ ਕਰਦੀਆਂ ਹਨ | ਸੁਪਿੰਦਰ ਭਾਰਦਵਾਜ ਨੇ ਮਹਾਂ ਸ਼ਿਵਰਾਤਰੀ ਦੇ ਸੰਬੰਧ 'ਚ ਵਿਸਥਾਰ ਨਾਲ ਚਾਨਣਾ ਪਾਇਆ | ਕਵਿਤਾਵਾਂ ਦੇ ਦੌਰ ਵਿਚ ਜਸਵੰਤ ਸਿੰਘ ਅਸਮਾਨੀ ਨੇ ਮਾਤ ਭਾਸ਼ਾ ਪੰਜਾਬੀ ਨੂੰ ਸਮਰਪਿਤ ਰਚਨਾ ਨਾਲ ਹਾਜ਼ਰੀ ਲਗਵਾਈ | ਹਰਮੇਲ ਸਿੰਘ ਪੁਰਾਣੇ ਵਿਰਸੇ ਵਿਰਾਸਤ ਦੀ ਬਾਤ ਪਾਉਂਦੀ ਰਚਨਾ 'ਆਉਂਦੀ ਪੀੜ੍ਹੀ ਜੋਗਾ ਸਾਂਭ ਕੇ ਪੰਜਾਬ ਰੱਖਿਓ' ਨਾਲ ਰੁਬਰੂ ਹੋਏ | ਇਨ੍ਹਾਂ ਤੋਂ ਇਲਾਵਾ ਹਰਦੀਪ ਸਿੰਘ ਕੜੈਲ, ਮਿਲਖਾ ਸਿੰਘ ਸਨੇਹੀ, ਬੇਅੰਤ ਸਿੰਘ, ਪਰਮਿੰਦਰ ਸਿੰਘ, ਸੁਰੇਸ਼ ਕੁਮਾਰ ਚੌਹਾਨ, ਐਡਵੋਕੇਟ ਰਮੇਸ਼ ਕੁਮਾਰ ਸ਼ਰਮਾ, ਸਤਿਗੁਰ ਸੁਨਾਮੀ ਬਲਵਿੰਦਰ ਸਿੰਘ ਜ਼ਿਲੇ੍ਹਦਾਰ ਤੇ ਪਵਨ ਕੁਮਾਰ ਹੋਸੀ ਨੇ ਆਪਣੀਆਂ ਖ਼ੂਬਸੂਰਤ ਰਚਨਾਵਾਂ ਨਾਲ ਸ਼ਾਨਦਾਰ ਹਾਜ਼ਰੀ ਲਗਵਾਈ |