ਸੁਨਾਮ ਊਧਮ ਸਿੰਘ ਵਾਲਾ, 15 ਫਰਵਰੀ (ਰੁਪਿੰਦਰ ਸਿੰਘ ਸੱਗੂ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਖੇਤੀ ਸੈਕਟਰ ਨੂੰ ਤਬਾਹ ਕਰਨ ਦੇ ਰਾਹ ਤੁਰਿਆ ਹੋਇਆ ਹੈ ਜਿੱਥੇ ਪਹਿਲਾਂ ਕਿਸਾਨ ਮਾਰੂ ਤਿੰਨ ਕਾਲੇ ਕਾਨੂੰਨ ਲਿਆਂਦੇ ਸੀ, ਜਿਨ੍ਹਾਂ ਨੂੰ ਲੰਮੇ ਸੰਘਰਸ਼ ਤੋਂ ਬਾਅਦ ਰੱਦ ਕਰਵਾਇਆ ਗਿਆ, ਹੁਣ ਅਮਰੀਕਾ ਨਾਲ ਵਪਾਰ ਸਮਝੌਤੇ 'ਤੇ ਦਸਤਖ਼ਤ ਕਰ ਕੇ, ਉਹ ਦੇਸ਼ ਦੀ ਸਵੈ-ਨਿਰਭਰਤਾ ਨੂੰ ਤਬਾਹ ਕਰ ਰਹੇ ਹਨ ਅਤੇ ਦੇਸ਼ ਦੇ ਖੇਤੀਬਾੜੀ ਖੇਤਰ ਨੂੰ ਨੁਕਸਾਨ ਪਹੁੰਚਾ ਰਹੇ ਹਨ | ਇਹ ਪ੍ਰਗਟਾਵਾ ਬੀ. ਕੇ. ਯੂ. ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਕਨਵੀਨਰ ਸੰਗਰੂਰ ਦੇ ਪ੍ਰਧਾਨ ਗੁਰਬਖਸ਼ੀਸ਼ ਸਿੰਘ ਬਾਲਦ ਕਲਾ ਤੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਪਿੰਡ ਚੱਠਾ ਨਨਹੇੜਾ ਵਿਖੇ ਬਲਾਕ ਆਗੂਆਂ ਨਾਲ ਮੀਟਿੰਗ ਕਰਨ ਉਪਰੰਤ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਭਾਜਪਾ ਵਲੋਂ ਭਾਰਤ-ਅਮਰੀਕਾ ਵਪਾਰ ਸਮਝੌਤੇ ਰਾਹੀਂ ਪੰਜਾਬ ਦੇ ਕਿਸਾਨਾਂ ਨੂੰ ਬਰਬਾਦ ਕਰਨ ਅਤੇ ਭਾਰਤ ਦੀ ਖੇਤੀਬਾੜੀ ਨੂੰ ਅਮਰੀਕਾ ਕੋਲ ਵੇਚਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ | ਗੁਰਬਖਸ਼ੀਸ਼ ਸਿੰਘ ਨੇ ਕਿਹਾ ਕਿ ਦੇਸ਼ ਦੇ ਲੋਕ ਆਪਣੇ ਮਨਾਂ 'ਚੋਂ ਇਹ ਭੁਲੇਖਾ ਕੱਢ ਦੇਣ ਕਿ ਇਸ ਸਮਝੌਤੇ ਦਾ ਨੁਕਸਾਨ ਸਿਰਫ਼ ਕਿਸਾਨਾਂ ਨੂੰ ਹੋਵੇਗਾ, ਬਲਕਿ ਇਹ ਸਮਝੌਤਾ ਹਰ ਅਨਾਜ ਖਾਣ ਵਾਲੇ ਵਿਅਕਤੀ ਲਈ ਖ਼ਤਰਨਾਕ ਤੇ ਮਾਰੂ ਸਾਬਤ ਹੋਵੇਗਾ | ਉਨ੍ਹਾਂ ਕਿਹਾ ਕਿ ਅਮਰੀਕਾ ਵਲੋਂ ਆਪਣੇ ਕਿਸਾਨਾਂ ਤੋਂ ਖੇਤਾਂ ਵਿਚ ਜੀ. ਐਮ. ਅਨਾਜ ਪੈਦਾ ਕਰਵਾ ਕੇ ਭਾਰਤ ਵਿਚ ਭੇਜਿਆ ਜਾਵੇਗਾ ਜਿਸ ਦੇ ਬਹੁਤ ਮਾੜੇ ਪ੍ਰਭਾਵ ਮਨੁੱਖ ਦੀ ਸਿਹਤ 'ਤੇ ਪੈਣਗੇ ਤੇ ਉਹ ਭਿਆਨਕ ਬਿਮਾਰੀਆਂ ਦੀ ਜਕੜ 'ਚ ਆਉਣਗੇ | ਉਨ੍ਹਾਂ ਨੇ ਕਿਹਾ ਕਿ ਅੱਜ ਲੋੜ ਹੈ ਕਿ ਅਨਾਜ ਖਾਣ ਵਾਲਾ ਹਰ ਵਿਅਕਤੀ ਇਸ ਸਮਝੌਤੇ ਦਾ ਡਟ ਕੇ ਵਿਰੋਧ ਕਰੇ | ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ ਬੀ. ਕੇ. ਯੂ. ਸਿੱਧੂਪੁਰ ਦੇ ਪ੍ਰਧਾਨ ਤੇ ਐਸ. ਕੇ. ਐਮ. ਗੈਰ ਸਿਆਸੀ ਦੇਸ਼ ਦੇ ਕਨਵੀਨਰ ਜਗਜੀਤ ਸਿੰਘ ਡੱਲੇਵਾਲ ਵਲੋਂ ਇਸ ਸਮਝੌਤੇ ਦੇ ਮਾਰੂ ਪ੍ਰਭਾਵਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਐਸ. ਕੇ. ਐਮ. ਗੈਰ ਸਿਆਸੀ ਵਲੋਂ ਇਸ ਦਾ ਡਟਵਾਂ ਵਿਰੋਧ ਕਰਨ ਦਾ ਫ਼ੈਸਲਾ ਕੀਤਾ ਹੈ ਜਿਸ ਦੇ ਤਹਿਤ 15 ਫਰਵਰੀ ਨੂੰ ਪੂਰੇ ਦੇਸ਼ ਅੰਦਰ ਪਿੰਡ ਪਿੰਡ ਇਸ ਮਾਰੂ ਸਮਝੌਤੇ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਕਾਪੀਆਂ ਸਾੜਨ ਸਮੇਂ ਸਿਰ ਤੇ ਕਾਲੇ ਰੰਗ ਦੀਆਂ ਦਸਤਾਰਾਂ ਚੁੰਨੀਆਂ ਸਜਾਈਆਂ ਜਾਣ ਜਾਂ ਫਿਰ ਕਾਲੇ ਰੰਗ ਦੀਆਂ ਪੱਟੀਆਂ ਬੰਨੀਆਂ ਜਾਣ | ਇਸ ਮੌਕੇ ਬਲਾਕ ਪ੍ਰਧਾਨ ਲਹਿਰਾ ਭੂਰਾ ਸਿੰਘ ਸਲੇਮਗੜ੍ਹ, ਜਨਰਲ ਸਕੱਤਰ ਰਾਮਫਲ ਸਿੰਘ ਜ਼ਰੂਰ, ਖ਼ਜ਼ਾਨਚੀ ਲਖਵਿੰਦਰ ਸਿੰਘ ਡੂਡੀਆਂ, ਕੇਵਲ ਸਿੰਘ ਜਵੰਦਾ ਬਲਾਕ ਪ੍ਰਧਾਨ ਸੁਨਾਮ, ਜਸਵੰਤ ਸਿੰਘ ਬਲਾਕ ਪ੍ਰਧਾਨ ਦਿੜ੍ਹਬਾ, ਕਰਮਜੀਤ ਸਿੰਘ ਬਾਲਦ ਕਲਾਂ ਬਲਾਕ ਪ੍ਰਧਾਨ ਭਵਾਨੀਗੜ੍ਹ, ਰਿੰਕੂ ਮੂਨਕ, ਕੁਲਵੰਤ ਸਿੰਘ ਉਭਿਆ, ਗੁਰਦੀਪ ਸਿੰਘ ਜ਼ਰੂਰ, ਬਲਵਿੰਦਰ ਸਿੰਘ ਭੋਲਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ |