ਸੰਗਰੂਰ, 15 ਫਰਵਰੀ (ਅਮਨਦੀਪ ਸਿੰਘ ਬਿੱਟਾ) - ਸੰਗਰੂਰ ਵਿਚ ਇੱਕ ਵਿਅਕਤੀ ਤੋਂ ਝਪਟ ਮਾਰ ਕੇ ਮੋਬਾਈਲ ਖੋਹਣ ਦੇ ਮਾਮਲੇ ਵਿਚ ਥਾਣਾ ਸਿਟੀ ਸੰਗਰੂਰ ਦੀ ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਦਿਆਂ ਇੱਕ ਨੂੰ ਗਿ੍ਫ਼ਤਾਰ ਕਰ ਲਿਆ ਹੈ ਅਤੇ ਦੂਜੇ ਦੀ ਸਰਗਰਮੀ ਨਾਲ ਭਾਲ਼ ਕੀਤੀ ਜਾ ਰਹੀ ਹੈ | ਐਸ.ਐੱਚ.ਓ. ਇੰਸ. ਗੁਲਾਬ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਅਦਿਤਿਆ ਰਾਜ ਸਿੰਘ ਵਾਸੀ ਜ਼ਿਲ੍ਹਾ ਸਾਰਨ (ਬਿਹਾਰ) ਜੋ ਮੌਜੂਦਾ ਸਮੇਂ ਡੀ.ਸੀ. ਦਫ਼ਤਰ ਸਾਹਮਣੇ ਪੀ.ਜੀ. ਵਜੋਂ ਰਹਿ ਰਿਹਾ ਹੈ ਨੇ ਮੋਬਾਈਲ ਖੋਹਣ ਸਬੰਧੀ ਸ਼ਿਕਾਇਤ ਦਰਜ ਕਰਵਾਈ ਸੀ | ਅਦਿਤਿਆ ਰਾਜ ਸਿੰਘ ਅਨੁਸਾਰ ਉਹ 13 ਫਰਵਰੀ ਨੂੰ ਆਪਣੇ ਰੋਜ਼ਾਨਾ ਕੰਮਕਾਜ ਸਬੰਧੀ ਆਪਣੇ ਪੀ.ਜੀ. ਗਲੀ ਨੰ. 03 ਤੋਂ ਡੀ.ਸੀ. ਦਫ਼ਤਰ ਵੱਲ ਜਾ ਰਿਹਾ ਸੀ | ਅਦਿਤਿਆ ਰਾਜ ਸਿੰਘ ਆਪਣੇ ਮੋਬਾਈਲ ਫ਼ੋਨ ਉੱਤੇ ਆਪਣੀ ਮਾਤਾ ਨਾਲ ਗੱਲ ਕਰ ਰਿਹਾ ਸੀ ਤਾਂ ਦੋ ਅਣਪਛਾਤੇ ਵਿਅਕਤੀ ਉਸ ਦਾ ਮੋਬਾਈਲ ਫ਼ੋਨ ਝਪਟਾ ਮਾਰ ਕੇ ਖੋਹ ਕੇ ਲੈ ਗਏ | ਪੁਲਿਸ ਨੇ ਅਦਿਤਿਆ ਰਾਜ ਸਿੰਘ ਦੀ ਸ਼ਿਕਾਇਤ ਉੱਤੇ ਥਾਣਾ ਸਿਟੀ ਸੰਗਰੂਰ ਵਿਚ ਮੁਕੱਦਮਾ ਦਰਜ ਕਰ ਲਿਆ | ਇਸ ਕੇਸ ਦੀ ਜਾਂਚ ਦੌਰਾਨ ਝਪਟ ਮਾਰ ਦੋਵਾਂ ਵਿਅਕਤੀਆਂ ਦੀ ਬਾਅਦ ਵਿਚ ਪਹਿਚਾਣ ਮਾਨਵ ਉਰਫ਼ ਮੰਨੀ ਅਤੇ ਬੰਟੀ ਵਾਸੀ ਰਾਮ ਨਗਰ ਬਸਤੀ ਸੰਗਰੂਰ ਵਜੋਂ ਹੋਈ | ਉਪਰੋਕਤ ਮੁਕੱਦਮੇ ਦੇ ਜਾਂਚ ਅਧਿਕਾਰੀ ਏ.ਐਸ.ਆਈ. ਕੁਲਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਾਨਵ ਨੂੰ ਬਨਾਸਰ ਬਾਗ ਨਜ਼ਦੀਕ ਕਾਬੂ ਕਰ ਲਿਆ ਹੈ ਜਦ ਕਿ ਦੂਜੇ ਵਿਅਕਤੀ ਬੰਟੀ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ |