ਸੰਗਰੂਰ, 17 ਫਰਵਰੀ (ਦਮਨਜੀਤ ਸਿੰਘ) - ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਸੰਗਰੂਰ ਤੋਂ ਹਲਕਾ ਇੰਚਾਰਜ਼ ਅਰਵਿੰਦ ਖੰਨਾ ਦੇ ਭਾਜਪਾ ਨੰੂ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਉਪਰੰਤ ਅੱਜ ਸੰਗਰੂਰ ਦੇ ਭਾਜਪਾ ਆਗੂਆਂ ਅਤੇ ਵਰਕਰਾਂ ਦੀ ਪਾਰਟੀ ਦੇ ਸਥਾਨਕ ਦਫ਼ਤਰ ਵਿਖੇ ਇੱਕ ਹੰਗਾਮੀ ਮੀਟਿੰਗ ਸੱਦੀ ਗਈ | ਭਾਜਪਾ ਆਗੂ ਸਰਜੀਵਨ ਜਿੰਦਲ ਵੱਲੋਂ ਕੀਤੇ ਮੰਚ ਸੰਚਾਲਨ ਦੌਰਾਨ ਮੀਟਿੰਗ ਨੰੂ ਵੱਖ-ਵੱਖ ਆਗੂਆਂ ਨੇ ਸੰਬੋਧਨ ਕਰਦਿਆਂ ਜਿੱਥੇ ਸੁਖਬੀਰ ਸਿੰਘ ਬਾਦਲ ਵੱਲੋਂ ਭਾਜਪਾ ਦਫ਼ਤਰ ਨੰੂ ਤਾਲਾ ਲੱਗਣ ਵਾਲੇ ਬਿਆਨ ਦੀ ਨਿਖੇਧੀ ਕੀਤੀ ਗਈ ਉੱਥੇ ਹੀ ਭਾਜਪਾ ਆਗੂਆਂ ਨੇ ਅਰਵਿੰਦ ਖੰਨਾ ਦੇ ਪਾਰਟੀ ਵਿੱਚੋਂ ਜਾਣ ਉੱਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਇੱਕ ਦੂਜੇ ਦਾ ਮੰੂਹ ਮਿੱਠਾ ਕਰਵਾਇਆ | ਸੀਨੀਅਰ ਭਾਜਪਾ ਆਗੂ ਸਤਵੰਤ ਸਿੰਘ ਪੂਨੀਆ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਅਰਵਿੰਦ ਖੰਨਾ ਨੰੂ ਅਕਾਲੀ ਦਲ ਵਿਚ ਸ਼ਾਮਲ ਕਰਵਾਉਣ ਸਮੇਂ ਮੰਚ ਉੱਤੋਂ ਕਿਹਾ ਗਿਆ ਸੀ ਕਿ ਅੱਜ ਖੰਨਾ ਦੇ ਭਾਜਪਾ ਛੱਡਣ ਨਾਲ ਭਾਜਪਾ ਦੇ ਸੰਗਰੂਰ ਦਫ਼ਤਰ ਨੰੂ ਤਾਂ ਤਾਲਾ ਹੀ ਲੱਗ ਗਿਆ ਹੈ | ਪੂਨੀਆ ਨੇ ਕਿਹਾ ਕਿ ਭਾਜਪਾ ਦੀ ਹਾਈਕਮਾਨ ਜੇਕਰ ਕਿਸੇ ਵੀ ਹਲਾਤਾਂ ਵਿੱਚ ਅਕਾਲੀ ਦਲ ਨਾਲ ਗੱਠਜੋੜ ਕਰਨ ਬਾਰੇ ਸੋਚ ਵੀ ਰਹੀ ਹੈ ਤਾਂ ਉਸ ਨੰੂ ਆਪਣੀ ਇਹ ਸੋਚ ਤੁਰੰਤ ਖ਼ਤਮ ਕਰ ਦੇਣੀ ਚਾਹੀਦੀ ਹੈ ਕਿਉਂਕਿ ਭਾਜਪਾ ਅੱਜ ਪੂਰੇ ਪੰਜਾਬ ਅੰਦਰ ਆਪਣੇ ਬਲਬੂਤੇ ਉੱਤੇ ਚੋਣਾਂ ਲੜਨ ਦੇ ਸਮਰਥ ਹੈ | ਐਡਵੋਕੇਟ ਲਲਿਤ ਗਰਗ ਨੇ ਕਿਹਾ ਕਿ ਖੰਨਾ ਦੇ ਜਾਣ ਨਾਲ ਅੱਜ ਭਾਜਪਾ ਦਾ ਪੁਰਾਣਾ ਕੈਡਰ ਘਰਾਂ ਵਿੱਚੋਂ ਉੱਠ ਖੜ੍ਹਾ ਹੋਇਆ ਹੈ ਅਤੇ ਪਾਰਟੀ ਲਈ ਮੁੜ ਕੰਮ ਕਰਨ ਲਈ ਤਿਆਰ ਹੈ | ਉਨ੍ਹਾਂ ਪਾਰਟੀ ਆਗੂਆਂ ਨੰੂ ਇੱਕਮੁੱਠ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਹੁਣ ਲੋੜ ਹੈ ਕਿ ਸੰਗਰੂਰ ਦੇ ਭਾਜਪਾ ਆਗੂ ਪਾਰਟੀ ਹਾਈਕਮਾਨ ਨੰੂ ਇੱਕ ਸਾਂਝਾ ਮਤਾ ਪਾ ਕੇ ਭੇਜਣ ਕਿ ਜੇਕਰ ਅਕਾਲੀ ਦਲ ਨਾਲ ਗੱਠਜੋੜ ਹੁੰਦਾ ਵੀ ਹੈ ਤਾਂ ਸੰਗਰੂਰ ਵਿਧਾਨ ਸਭਾ ਹਲਕਾ ਭਾਜਪਾ ਖਾਤੇ ਵਿੱਚ ਰੱਖਿਆ ਜਾਵੇ ਅਤੇ ਇੱਥੋਂ ਕਿਸੇ ਟਕਸਾਲੀ ਭਾਜਪਾ ਆਗੂ ਨੰੂ ਉਮੀਦਵਾਰ ਬਣਾਇਆ ਜਾਵੇ | ਗੁਰਤੇਜ ਸਿੰਘ ਝਨੇੜੀ ਨੇ ਮੀਟਿੰਗ ਦੌਰਾਨ ਭਾਜਪਾ ਹਾਈਕਮਾਨ ਨੰੂ ਬੇਨਤੀ ਕੀਤੀ ਕਿ ਪੰਜਾਬ ਵਿੱਚ ਅਕਾਲੀ ਦਲ ਤੋਂ ਬਿਨ੍ਹਾਂ ਹੀ ਆਪਣੇ ਦਮ ਉੱਤੇ ਚੋਣਾਂ ਲੜੀਆਂ ਜਾਣ | ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਭਾਜਪਾ ਦਫ਼ਤਰ ਬਾਰੇ ਦਿੱਤੇ ਗਏ ਬਿਆਨ ਨੰੂ ਬਹੁਤੀ ਤਵੱਜੋ ਦੇਣ ਦੀ ਲੋੜ ਨਹੀਂ ਕਿਉਂਕਿ ਸੁਖਬੀਰ ਸਿੰਘ ਬਾਦਲ ਅਕਸਰ ਹੀ ਅਜਿਹੇ ਉਲਜਲੁੂਲ ਬਿਆਨ ਦਿੰਦੇ ਰਹਿੰਦੇ ਹਨ ਜਿਸ ਦੀ ਇੱਕ ਉਦਾਹਰਨ ਉਨ੍ਹਾਂ ਵੱਲੋਂ ਸੁਖਦੇਵ ਸਿੰਘ ਢੀਂਡਸਾ ਬਾਰੇ ਦਿੱਤਾ ਗਿਆ ਬਿਆਨ ਵੀ ਹੈ | ਰਣਦੀਪ ਦਿਉਲ , ਸੁਨੀਲ ਗੋਇਲ ਡਿੰਪਲ ਨੇ ਭਾਜਪਾ ਆਗੂਆਂ ਅਤੇ ਵਰਕਰਾਂ ਨੰੂ ਇੱਕਮੁੱਠ ਹੋ ਕੇ ਚੱਲਣ ਦਾ ਸੱਦਾ ਦਿੱਤਾ | ਮੀਟਿੰਗ ਨੰੂ ਹੋਰਨਾਂ ਤੋਂ ਇਲਾਵਾ ਜੋਗੀ ਰਾਮ ਸਾਹਨੀ, ਡਾ: ਭਗਵਾਨ ਸਿੰਘ, ਭਗਵੰਤ ਸਿੰਘ ਐਡਵੋਕੇਟ, ਭੁਪੇਸ਼ ਜਿੰਦਲ, ਪ੍ਰਦੀਪ ਗਰਗ, ਸੁਰੇਸ਼ ਬੇਦੀ, ਗਮੀ ਕਲਿਆਣ, ਨਰਿੰਦਰ ਗੁਪਤਾ ਅਤੇ ਹੋਰਨਾਂ ਨੇ ਵੀ ਸੰਬੋਧਨ ਕਰਦਿਆਂ ਆਪਣੇ ਵਿਚਾਰ ਰੱਖੇ | ਇਸ ਮੌਕੇ ਸੁਰਿੰਦਰ ਸਿੰਘ ਪੱਪੂ, ਕਮਲਜੀਤ ਸਿੰਘ, ਅਰੁਣ ਆਰਿਆ, ਸੁਰਜੀਤ ਸਿੰਘ ਰੰਧਾਵਾ ਐਡਵੋਕੇਟ, ਆਵਾ ਸਿੰਘ, ਵਿਸ਼ਾਲ ਗਰਗ ਸੋਨੰੂ, ਅਰਵਿੰਦ ਮੋਦਗਿੱਲ, ਐਡਵੋਕੇਟ ਅੰਕੁਰ ਜਿੰਦਲ ਅਤੇ ਹੋਰ ਆਗੂ ਵੀ ਮੌਜੂਦ ਸਨ |