ਮਲੇਰਕੋਟਲਾ, 17 ਫਰਵਰੀ (ਸਰੌਦ, ਜੈਨ, ਥਿੰਦ) - ਜ਼ਿਲ੍ਹਾ ਮਲੇਰਕੋਟਲਾ ਦੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਸੰਧੂ ਦੀਆਂ ਹਦਾਇਤਾਂ ਅਨੁਸਾਰ ਬਾਲ ਸੁਰੱਖਿਆ ਵਿਭਾਗ ਵਲੋਂ ਇੱਕ ਲਾਪਤਾ ਨਾਬਾਲਿਗ ਲੜਕੀ ਮੂਲ ਨਿਵਾਸੀ ਪੱਛਮੀ ਬੰਗਾਲ ਨੂੰ ਸੁਰੱਖਿਅਤ ਤੌਰ 'ਤੇ ਉਸ ਦੇ ਮਾਪਿਆਂ ਨਾਲ ਮਿਲਾਉਣ ਵਿਚ ਸਫਲਤਾ ਹਾਸਲ ਕੀਤੀ ਹੈ | ਬਾਲ ਵਿਭਾਗ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਬੀਤੀ 22 ਨਵੰਬਰ ਨੂੰ ਸ਼ਰਮੀਲਾ ਨਾਮਕ ਨਾਬਾਲਿਗ ਲੜਕੀ ਆਪਣੇ ਘਰ ਤੋਂ ਲਾਪਤਾ ਹੋ ਗਈ ਸੀ | ਬਾਅਦ ਵਿਚ ਉਹ ਜ਼ਿਲ੍ਹਾ ਮਲੇਰਕੋਟਲਾ ਦੇ ਕੁੱਪ ਕਲਾ ਖੇਤਰ ਵਿਚ ਮੁਸ਼ਕਿਲ ਭਰੇ ਹਾਲਤਾਂ ਵਿਚ ਪੁਲਿਸ ਨੂੰ ਮਿਲੀ | ਇਸ ਸਬੰਧੀ ਸੂਚਨਾ ਤੁਰੰਤ ਚਾਈਲਡ ਲਾਈਨ ਮਲੇਰਕੋਟਲਾ ਦੀ ਸਥਾਨਕ ਟੀਮ ਨੂੰ ਦਿੱਤੀ ਗਈ, ਜਿਸ ਉਪਰੰਤ ਬੱਚੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦਿਆਂ ਉਸ ਨੂੰ ਤੁਰੰਤ ਰੈਸਕਿਊ ਕਰ ਲਿਆ ਗਿਆ | ਟੀਮ ਵਲੋਂ ਚਾਈਲਡ ਵੈੱਲਫੇਅਰ ਕਮੇਟੀ ਮਲੇਰਕੋਟਲਾ ਦੇ ਆਦੇਸ਼ਾਂ ਅਨੁਸਾਰ ਬੱਚੀ ਨੂੰ ਅਸਥਾਈ ਤੌਰ 'ਤੇ ਬਾਲ ਸੰਭਾਲ ਕੇਂਦਰ, ਜਲੰਧਰ ਵਿਖੇ ਸ਼ਿਫ਼ਟ ਕੀਤਾ ਗਿਆ | ਇਸ ਦੌਰਾਨ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਦੀ ਟੀਮ ਵਲੋਂ ਲਗਾਤਾਰ ਉਪਰਾਲੇ ਕਰਦੇ ਹੋਏ ਲੜਕੀ ਦੇ ਪਰਿਵਾਰ ਦੀ ਪਛਾਣ ਤੇ ਸੰਪਰਕ ਸਥਾਪਿਤ ਕੀਤਾ ਗਿਆ | ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸੰਬੰਧਿਤ ਰਾਜ ਅਧਿਕਾਰੀਆਂ ਨਾਲ ਤਾਲਮੇਲ ਕਰਦਿਆਂ ਕੇਸ ਨੂੰ ਚਾਈਲਡ ਵੈੱਲਫੇਅਰ ਕਮੇਟੀ ਕੋਲਕਾਤਾ ਨਾਲ ਵੀ ਸਾਂਝਾ ਕੀਤਾ ਗਿਆ ਤਾਂ ਜੋ ਬੱਚੀ ਨੂੰ ਉਸ ਦੇ ਮਾਪਿਆਂ ਨਾਲ ਮਿਲਾਇਆ ਜਾ ਸਕੇ | ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੇ ਲਗਾਤਾਰ ਤਾਲਮੇਲ ਬਰਕਰਾਰ ਰੱਖਣ ਤੋਂ ਬਾਅਦ ਪੁਲਿਸ ਵਿਭਾਗ ਦੇ ਅਧਿਕਾਰੀਆਂ ਦੀ ਦੇਖਰੇਖ ਹੇਠ ਬੱਚੀ ਨੂੰ ਸੁਰੱਖਿਅਤ ਤੌਰ 'ਤੇ ਪੱਛਮੀ ਬੰਗਾਲ, ਕੋਲਕਾਤਾ ਪਹੁੰਚਾ ਕੇ ਉਸ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ | ਇਸ ਮੌਕੇ ਐਸ.ਆਈ. ਬਲਜਿੰਦਰ ਕੌਰ, ਮੋਹਨ ਸਿੰਘ, ਗਾਂਧੀ ਵਨੀਤਾ ਆਸ਼ਰਮ ਜਲੰਧਰ ਦੀ ਟੀਮ, ਜ਼ਿਲ੍ਹਾ ਪੁਲਿਸ ਵਿਭਾਗ ਅਤੇ ਬਾਲ ਸੁਰੱਖਿਆ ਵਿਭਾਗ ਵਲੋਂ ਸ਼ਲਾਘਾਯੋਗ ਭੂਮਿਕਾ ਨਿਭਾਈ | ਜ਼ਿਲ੍ਹਾ ਪ੍ਰਸ਼ਾਸਨ ਤੇ ਬਾਲ ਸੁਰੱਖਿਆ ਵਿਭਾਗ ਵਲੋਂ ਇਸ ਸਫਲ ਕਾਰਵਾਈ ਵਿਚ ਸਹਿਯੋਗ ਦੇਣ ਵਾਲੇ ਸਾਰੇ ਵਿਭਾਗਾਂ ਦਾ ਧੰਨਵਾਦ ਕਰਦਿਆਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਬੱਚੇ ਨਾਲ ਸੰਬੰਧਿਤ ਐਮਰਜੈਂਸੀ ਸਥਿਤੀ ਵਿਚ ਤੁਰੰਤ ਬਾਲ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾਵੇ, ਤਾਂ ਜੋ ਹਰ ਬੱਚੇ ਦੀ ਸੁਰੱਖਿਆ ਤੇ ਭਲਾਈ ਨੂੰ ਯਕੀਨੀ ਬਣਾਇਆ ਜਾ ਸਕੇ | ਇਸ ਮੌਕੇ ਸਬੰਧਿਤ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ |