ਸੰਗਰੂਰ, 17 ਫਰਵਰੀ (ਬਿੱਟਾ, ਦਮਨ, ਪਸ਼ੌਰੀਆ) - ਸੰਯੁਕਤ ਕਿਸਾਨ ਮੋਰਚੇ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਭਾਰਤੀ ਕਿਸਾਨ ਯੂਨੀਅਨ ਡਕੌਦਾ ਬੁਰਜ ਗਿੱਲ ਦੇ ਆਗੂ ਲਖਵੀਰ ਸਿੰਘ ਬਾਲੀਆਂ ਦੀ ਪ੍ਰਧਾਨਗੀ ਹੇਠ ਗ਼ਦਰ ਮੈਮੋਰੀਅਲ ਭਵਨ ਵਿਖੇ ਹੋਈ | ਮੀਟਿੰਗ ਵਿਚ ਭਾਰਤ ਸਰਕਾਰ ਵਲੋਂ ਅਮਰੀਕਾ ਨਾਲ ਕੀਤੇ ਕਰ ਮੁਕਤ ਵਪਾਰ ਸਮਝੌਤੇ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਵਲੋਂ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਘਰਾਂ ਦਿੱਤੇ ਜਾਣੇ ਵਾਲੇ ਧਰਨਿਆਂ ਸਬੰਧੀ ਚਰਚਾ ਕੀਤੀ ਗਈ | ਫੈਸਲਾ ਕੀਤਾ ਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਿਵਾਸ ਅੱਗੇ 22 ਫਰਵਰੀ ਨੂੰ ਧਰਨਾ ਦਿੱਤਾ ਜਾਵੇਗਾ | ਕਿਰਤੀ ਕਿਸਾਨ ਯੂਨੀਅਨ ਦੇ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਰਮਜੀਤ ਸਿੰਘ ਮੰਗਵਾਲ, ਕੁੱਲ ਹਿੰਦ ਕਿਸਾਨ ਸਭਾ ਦੇ ਇੰਦਰਪਾਲ ਸਿੰਘ ਪੁੰਨਾਵਲ, ਕੁੱਲ ਹਿੰਦ ਕਿਸਾਨ ਫੈਡਰੇਸ਼ਨ ਨਿੰਰਜਣ ਸਿੰਘ ਸਫੀਪੁਰ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਰੋਹੀ ਸਿੰਘ ਮੰਗਵਾਲ, ਜਮਹੂਰੀ ਕਿਸਾਨ ਸਭਾ ਦੇ ਊਧਮ ਸਿੰਘ ਸੰਤੋਖਪੁਰਾ ਨੇ ਕਿਹਾ ਕਿ ਆਪਣੇ ਆਪ ਨੂੰ ਵਿਸ਼ਵ ਗੁਰੂ ਕਹਾਉਣ ਵਾਲਾ ਨਰਿੰਦਰ ਮੋਦੀ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਵਲੋਂ ਕਰਵਾਏ ਸਮਝੌਤੇ ਉੱਤੇ ਦਸਤਖ਼ਤ ਕਰ ਕੇ ਆਏ ਹਨ | ਉਨ੍ਹਾਂ ਕਿਹਾ ਕਿ ਇਹ ਸਮਝੌਤਾ ਜਿੱਥੇ ਭਾਰਤੀ ਖੇਤੀ ਲਈ ਵੱਡਾ ਖ਼ਤਰਾ ਹੈ ਉੱਥੇ ਕਿਸਾਨਾਂ ਦੀ ਮੌਤ ਦੇ ਵਰੰਟਾਂ ਉੱਤੇ ਵੀ ਦਸਤਖ਼ਤ ਹਨ | ਆਗੂਆਂ ਨੇ ਕਿਹਾ ਕਿ ਭਾਰਤ ਖੇਤੀ ਪ੍ਰਧਾਨ ਸੂਬੇ ਦੀ ਆਪ ਸਰਕਾਰ ਵੀ ਸਮਝੌਤੇ ਨੂੰ ਲੈ ਕੇ ਚੁੱਪ ਵੱਟੀ ਬੈਠੀ ਹੈ ਜਦਕਿ ਪੰਜਾਬ ਦਾ ਸਾਰਾ ਅਰਥਚਾਰਾ ਖੇਤੀ ਉੱਤੇ ਨਿਰਭਰ ਹੈ | ਉਨ੍ਹਾਂ ਇਸ ਸਮਝੌਤੇ ਖ਼ਿਲਾਫ਼ ਜਨਤਕ ਲਹਿਰ ਬਣਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ 22 ਫਰਵਰੀ ਨੂੰ ਮੁੱਖ ਮੰਤਰੀ, ਵਿੱਤ ਮੰਤਰੀ ਦੇ ਨਿਵਾਸ ਬਾਹਰ ਪਰਿਵਾਰਾਂ ਸਮੇਤ ਪਹੁੰਚਣ |