ਸ਼ੇਰਪੁਰ, 17 ਫਰਵਰੀ (ਦਰਸ਼ਨ ਸਿੰਘ ਖੇੜੀ) - ਸਰਕਾਰੀ ਹਸਪਤਾਲ ਸ਼ੇਰਪੁਰ ਵਿਚਲੇ ਮਾੜੇ ਪ੍ਰਬੰਧਾਂ ਖ਼ਿਲਾਫ਼ ਅਤੇ ਐਮਰਜੈਂਸੀ ਸੇਵਾਵਾਂ ਨੂੰ ਮੁੜ ਬਹਾਲ ਕਰਵਾਉਣ ਲਈ ਨਸ਼ਾ ਰੋਕੂ ਕਮੇਟੀ ਖੇੜੀ ਕਲਾਂ-ਸ਼ੇਰਪੁਰ ਵਲੋਂ ਹੋਰ ਵੱਖ-ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਧਰਨਾ ਲਗਾਇਆ ਗਿਆ | ਕਮੇਟੀ ਦੇ ਮੋਹਰੀ ਆਗੂ ਬਲਵਿੰਦਰ ਸਿੰਘ ਬਿੰਦਾ ਨੇ ਕਿਹਾ ਕਿ ਸਰਕਾਰੀ ਹਸਪਤਾਲ ਸ਼ੇਰਪੁਰ ਅੰਦਰ ਜਿੱਥੇ ਮਾਹਿਰ ਡਾਕਟਰਾਂ, ਐਂਬੂਲੈਂਸ ਨਾਂ ਹੋਣਾ ਅਤੇ ਮੈਡੀਕਲ ਉਪਕਰਨਾਂ ਦੀ ਵੱਡੀ ਘਾਟ ਹੈ ਉੱਥੇ ਹੀ ਐਮਰਜੈਂਸੀ ਸੇਵਾਵਾਂ ਬਿਲਕੁਲ ਠੱਪ ਹਨ | ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਵੀ ਸੜਕ ਹਾਦਸੇ ਦੌਰਾਨ ਗੰਭੀਰ ਰੂਪ ਵਿਚ ਜ਼ਖਮੀ ਹੋਏ ਖੇੜੀ ਕਲਾਂ ਦੇ ਇੱਕ ਨੌਜਵਾਨ ਦੀ ਸ਼ੇਰਪੁਰ ਦੇ ਹਸਪਤਾਲ ਵਿਚ ਮੁੱਢਲੀ ਸਹਾਇਤਾ ਨਾ ਮਿਲਣ ਕਰਕੇ ਅਤੇ ਐਂਬੂਲੈਂਸ ਉਪਲਬਧ ਨਾ ਹੋਣ ਕਾਰਨ ਜਾਨ ਚਲੀ ਗਈ ਸੀ | ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਕਮਲਜੀਤ ਸਿੰਘ ਚੱਕ, ਅਕਾਲੀ ਆਗੂ ਨਾਥ ਸਿੰਘ ਹਮੀਦੀ, ਨਰਿੰਦਰ ਸਿੰਘ ਕਾਲਾਬੂਲਾ, ਹਰਜੀਤ ਸਿੰਘ ਖ਼ਿਆਲੀ, ਜਸਵੀਰ ਸਿੰਘ ਖੇੜੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਵਿਚ ਅਸਫਲ ਸਾਬਤ ਹੋਈ ਹੈ | ਸ਼ੇਰਪੁਰ ਹਸਪਤਾਲ ਵਿਚ ਜੇਕਰ ਡਾਕਟਰਾਂ ਦੀ ਪੱਕੇ ਤੌਰ 'ਤੇ ਤੈਨਾਤੀ, ਐਂਬੂਲੈਂਸ ਦੀ ਸਹੂਲਤ, ਐਮਰਜੈਂਸੀ ਸਹੂਲਤਾਂ ਨੂੰ ਬਹਾਲ ਕਰਨਾ ਅਤੇ ਡਾਕਟਰੀ ਉਪਕਰਨਾਂ ਦੀ ਘਾਟ ਨੂੰ ਪੂਰਾ ਨਾ ਕੀਤਾ ਗਿਆ ਤਾਂ ਤਿੱਖਾ ਸੰਘਰਸ਼ ਵਿਢਿਆ ਜਾਵੇਗਾ | ਇਸ ਮੌਕੇ ਅਕਾਲੀ ਆਗੂ ਨਾਥ ਸਿੰਘ ਹਮੀਦੀ, ਕਾਂਗਰਸੀ ਆਗੂ ਕਮਲਜੀਤ ਸਿੰਘ ਚੱਕ, ਨਰਿੰਦਰ ਸਿੰਘ ਕਾਲਾਬੂਲਾ, ਮਨਦੀਪ ਸਿੰਘ, ਬੌਬੀ ਚੀਮਾ, ਹੈਪੀ ਤੂਰ, ਹੰਸਰਾਜ ਬਾਵਾ ਕਾਤਰੋ, ਜਸਪਾਲ ਸਿੰਘ ਬੀਰੀ, ਗੁਰਮੁੱਖ ਸਿੰਘ ਸ਼ੇਰਪੁਰ, ਜਸਪ੍ਰੀਤ ਸਿੰਘ ਖੇੜੀ, ਬਹਾਦਰ ਸਿੰਘ ਚੌਧਰੀ, ਮਨਜੀਤ ਸਿੰਘ ਧਾਮੀ, ਰਾਮਦਾਸ ਬਿੱਟੂ, ਸੰਦੀਪ ਸਿੰਘ ਗਰੇਵਾਲ, ਕਮਲ ਸ਼ਰਮਾ, ਗੁਰਿੰਦਰ ਗੋਇਲ, ਅਮਰਜੀਤ ਸਿੰਘ ਪਾਲ, ਨਰਿੰਦਰ ਅੱਤਰੀ, ਕਿਸਾਨ ਆਗੂ ਮਹਿੰਦਰ ਸਿੰਘ ਖੇੜੀ, ਸੁਖਦੀਪ ਸਿੰਘ ਖੇੜੀ, ਸਰਬਜੀਤ ਸਿੰਘ ਖੇੜੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਘਰਸ਼ਸ਼ੀਲ, ਸਮਾਜਿਕ, ਧਾਰਮਿਕ, ਰਾਜਨੀਤਿਕ ਤੇ ਕਿਸਾਨ ਜਥੇਬੰਦੀਆਂ ਦੇ ਆਗੂ ਮੌਜੂਦ ਸਨ | ਥਾਣਾ ਸ਼ੇਰਪੁਰ ਦੇ ਮੁੱਖ ਅਫ਼ਸਰ ਬਲੌਰ ਸਿੰਘ ਵਲੋਂ ਧਰਨਾਕਾਰੀਆਂ ਨਾਲ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਕਰਵਾਈ ਗਈ ਜਿਸ ਵਿਚ ਸਹਿਮਤੀ ਬਣਨ ਉਪਰੰਤ ਸੀਨੀਅਰ ਮੈਡੀਕਲ ਅਫ਼ਸਰ ਡਾ.ਜਸਦੀਪ ਸਿੰਘ ਨੇ ਐਲਾਨ ਕੀਤਾ ਕਿ ਕੱਲ੍ਹ ਤੋਂ ਤਿੰਨ ਡਾਕਟਰਾਂ ਦੀ ਤੈਨਾਤੀ ਕਰਕੇ 24 ਘੰਟੇ ਐਮਰਜੈਂਸੀ ਸੇਵਾਵਾਂ ਨੂੰ ਮੁੜ ਬਹਾਲ ਕੀਤਾ ਜਾਵੇਗਾ | ਉਨ੍ਹਾਂ ਨੇ ਐਂਬੂਲੈਂਸ ਦੀ ਪੱਕੀ ਤੈਨਾਤੀ ਕਰਨ ਬਾਬਤ ਵੀ ਭਰੋਸਾ ਦਿਵਾਇਆ ਜਿਸ ਉਪਰੰਤ ਧਰਨੇ ਨੂੰ ਸਮਾਪਤ ਕਰ ਦਿੱਤਾ ਗਿਆ |