ਸੁਨਾਮ ਊਧਮ ਸਿੰਘ ਵਾਲਾ, 18 ਫਰਵਰੀ (ਭੁੱਲਰ, ਧਾਲੀਵਾਲ) - ਬੀਤੀ ਰਾਤ ਨੇੜਲੇ ਪਿੰਡ ਚੱਠੇ ਨੱਕਟੇ ਵਿਖੇ ਦੋ ਐਨ ਆਰ ਆਈ ਭਰਾਵਾਂ ਦੀਆਂ ਕੋਠੀਆਂ 'ਚ ਚੋਰੀ ਹੋਣ ਦੀ ਖ਼ਬਰ ਹੈ | ਪਿੰਡ ਚੱਠੇ ਨੱਕਟੇ ਦੇ ਸਾਬਕਾ ਸਰਪੰਚ ਰੁਪਿੰਦਰਪਾਲ ਸਿੰਘ ਚੱਠਾ ਅਤੇ ਐਡਵੋਕੇਟ ਵਰਿੰਦਰਪਾਲ ਸਿੰਘ ਚੱਠਾ ਨੇ ਦੱਸਿਆ ਕਿ ਉਨ੍ਹਾਂ ਦੇ ਤਾਇਆ ਸਵ: ਪਿ੍ਤਪਾਲ ਸਿੰਘ ਦਾ ਪਰਿਵਾਰ ਅਤੇ ਚਾਚਾ ਹਰਗੋਪਾਲ ਸਿੰਘ ਜੋ ਪਿਛਲੇ ਲੰਮੇ ਸਮੇਂ ਤੋਂ ਅਮਰੀਕਾ ਵਿਚ ਰਹਿ ਰਹੇ ਹਨ | ਬੀਤੀ ਰਾਤ ਚੋਰ ਪਹਿਲਾਂ ਸਵ: ਪਿ੍ਤਪਾਲ ਸਿੰਘ ਸਿੰਘ ਦੀ ਪੁਰਾਣੀ ਕੋਠੀ 'ਚ ਵੜ ਕੇ ਲੱਗੀਆਂ ਟੂਟੀਆਂ ਅਤੇ ਨਿੱਕ ਸੁੱਕ ਸਮਾਨ ਇਕੱਠਾ ਕਰਨ ਉਪਰੰਤ ਹਰਗੋਪਾਲ ਸਿੰਘ ਦੀ ਕੋਠੀ ਦੀ ਤਾਕੀ ਦਾ ਸੀਸ਼ਾ ਅਤੇ ਗਰਿੱਲ ਤੋੜ ਕੇ ਨਵੀਂ ਕੋਠੀ 'ਚ ਦਾਖਲ ਹੋ ਗਏ | ਕੋਠੀ ਵਿਚ ਲੱਗੀਆਂ ਕੀਮਤੀ ਟੂਟੀਆਂ ਅਤੇ ਫੈਂਸੀ ਲਾਇਟਾਂ ਸਮੇਤ ਅਲਮਾਰੀ ਵਿਚ ਪਈ ਡੇਢ ਲੱਖ ਰੁਪਏ ਦੀ ਰਕਮ ਲੈ ਕੇ ਫ਼ਰਾਰ ਹੋ ਗਏ | ਇਸ ਦੇ ਨਾਲ ਹੀ ਚੋਰ ਕੋਠੀ ਵਿਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਦਾ ਡੀ ਵੀ ਆਰ ਵੀ ਨਾਲ ਹੀ ਲੈ ਗਏ | ਉਨ੍ਹਾਂ ਕਿਹਾ ਕਿ ਚੋਰੀ ਦੀ ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ | ਜ਼ਿਕਰਯੋਗ ਹੈ ਕਿ ਹਰਗੋਪਾਲ ਸਿੰਘ ਭਾਰਤ ਆਏ ਹੋਏ ਸਨ ਅਤੇ ਮਹੀਨਾ ਕੁ ਪਹਿਲਾਂ ਹੀ ਅਮਰੀਕਾ ਵਾਪਸ ਗਏ ਹਨ |