ਮਲੇਰਕੋਟਲਾ, 18 ਫਰਵਰੀ (ਮਨਜਿੰਦਰ ਸਿੰਘ ਸਰੌਦ) - ਰਿਆਸਤੀ ਸ਼ਹਿਰ ਮਲੇਰਕੋਟਲਾ ਦੇ ਅੰਦਰ ਟਰੈਫ਼ਿਕ ਦੀ ਬੇਹੱਦ ਗੰਭੀਰ ਹੋ ਚੁੱਕੀ ਸਮੱਸਿਆ ਨੂੰ ਹੱਲ ਕਰਨ ਦੇ ਲਈ ਮਲੇਰਕੋਟਲਾ ਸ਼ਹਿਰ ਦੇ ਬਾਹਰਵਾਰ ਦੀ 4 ਮੁੱਖ ਮਾਰਗਾਂ ਖੰਨਾ, ਪਟਿਆਲਾ, ਸੰਗਰੂਰ ਤੇ ਬਰਨਾਲਾ ਨੂੰ ਆਪਸ ਵਿਚ ਜੋੜਦੇ ਬਾਈਪਾਸ ਦਾ ਨਿਰਮਾਣ ਇਲਾਕੇ ਦੇ ਲੋਕਾਂ ਲਈ ਕਿਸੇ 'ਰਹਿਮਤ ਭਰੀ ਨਜ਼ਰ' ਤੋਂ ਘੱਟ ਨਹੀਂ ਹੋਵੇਗਾ | ਕਿਉਂਕਿ ਇਲਾਕੇ ਦੇ ਲੋਕ ਮਲੇਰਕੋਟਲਾ ਵਿਖੇ ਹਰ ਰੋਜ਼ ਲੱਗ ਰਹੇ ਜਾਮ ਤੋਂ ਬੁਰੀ ਤਰ੍ਹਾਂ ਤੰਗ ਆ ਚੁੱਕੇ ਹਨ | ਆਮ ਲੋਕਾਂ ਨੂੰ ਘੰਟਿਆਂ ਬੱਧੀ ਜਾਮ ਦੇ ਵਿਚ ਫਸਣ ਕਰਕੇ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜ਼ਿਲ੍ਹਾ ਮਲੇਰਕੋਟਲਾ ਦੇ ਲੋਕਾਂ ਦੀ ਪੁਰਾਣੀ ਮੰਗ ਸੀ ਕਿ ਜੇਕਰ ਮਲੇਰਕੋਟਲਾ ਤੋਂ ਖੰਨਾ ਨੂੰ ਜਾਂਦੀ ਮੁੱਖ ਸੜਕ 'ਤੇ ਪੈਂਦੇ ਪਿੰਡ ਰਾਣਵਾਂ ਵਿਖੇ ਡਰੇਨ ਦੇ ਪੁੱਲ ਤੋਂ ਬਾਈਪਾਸ ਸ਼ੁਰੂ ਕਰਕੇ ਡਰੇਨ ਦੀ ਪਟੜੀ ਨੂੰ ਸੜਕ ਦਾ ਰੂਪ ਦਿੰਦਿਆਂ ਪਟਿਆਲਾ ਮੁੱਖ ਮਾਰਗ ਨੂੰ ਪਾਸ ਕਰਕੇ ਸੰਗਰੂਰ ਮੁੱਖ ਮਾਰਗ ਤੇ ਫਿਰ ਪਿੰਡ ਆਦਮਪਾਲ ਵਿਚ ਦੀ ਲੰਘਦੇ ਬਰਨਾਲਾ ਮਾਰਗ ਦੇ ਨਾਲ ਜੋੜ ਦਿੱਤਾ ਜਾਵੇ ਤਾਂ ਇਸ ਬਾਈਪਾਸ ਬਣਨ ਦੇ ਨਾਲ ਸ਼ਹਿਰ ਮਲੇਰਕੋਟਲਾ ਦੀ ਟਰੈਫ਼ਿਕ ਸਮੱਸਿਆ ਦਾ ਹੱਲ ਹੋ ਸਕਦਾ ਹੈ | ਇਸ ਤੋਂ ਹੋਰ ਅੱਗੇ ਜਾਂਦਿਆਂ ਜੇਕਰ ਇਸ ਨੂੰ ਕਿਸੇ ਵਿਉਂਤਬੰਦੀ ਨਾਲ ਰਾਏਕੋਟ ਮੁੱਖ ਮਾਰਗ ਤੱਕ ਪਹੁੰਚਦਾ ਕਰ ਦਿੱਤਾ ਜਾਵੇ ਤਾਂ ਇਹ 'ਸੋਨੇ ਤੇ ਸੁਹਾਗੇ' ਵਾਲੀ ਗੱਲ ਹੋਵੇਗੀ | ਹੁਣ ਇਸ ਅਹਿਮ ਪ੍ਰੋਜੈਕਟ ਦੇ ਨਿਰਮਾਣ ਦਾ ਕੰਮ ਸ਼ੁਰੂ ਹੋਣ ਦੀ ਆਸ ਬੱਝੀ ਹੈ | ਬਾਈਪਾਸ ਦਾ ਵੱਡਾ ਹਿੱਸਾ ਹਲਕਾ ਅਮਰਗੜ੍ਹ ਦੇ ਵਿਚ ਪੈਂਦਾ ਹੈ | ਇਸ ਸੰਬੰਧੀ ਗੱਲਬਾਤ ਕਰਦਿਆਂ ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਕਿਹਾ ਕਿ ਇਹ ਉਨ੍ਹਾਂ ਦੀ ਦਿਲੀ ਇੱਛਾ ਸੀ ਕਿ ਜੇਕਰ ਇਸ ਬਾਈਪਾਸ ਦਾ ਨਿਰਮਾਣ ਹੋ ਜਾਵੇ ਤਾਂ ਇਹ ਜ਼ਿਲ੍ਹੇ ਤੋਂ ਇਲਾਵਾ ਇਲਾਕੇ ਦੇ ਲੋਕਾਂ ਲਈ ਇੱਕ ਨਿਆਮਤ ਭਰੀ ਗੱਲ ਹੋਵੇਗੀ | ਹਲਕਾ ਵਿਧਾਇਕ ਨੇ ਆਖਿਆ ਕਿ ਕਰੀਬ 5 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਮਹਾਂ ਪ੍ਰੋਜੈਕਟ ਨੂੰ ਪਾਸ ਕਰਵਾਉਣ ਦੇ ਲਈ ਉਨ੍ਹਾਂ ਵਲੋਂ ਕੀਤੇ ਯਤਨਾਂ ਦੇ ਸਦਕਾ ਹੁਣ ਇਸ ਬਾਈਪਾਸ ਦਾ ਨਿਰਮਾਣ ਅਗਲੇ ਕੁਝ ਸਮੇਂ ਨੂੰ ਸ਼ੁਰੂ ਹੋ ਜਾਵੇਗਾ | ਪ੍ਰੋ. ਗੱਜਣਮਾਜਰਾ ਨੇ ਦੱਸਿਆ ਕਿ ਇਹ ਬਾਈਪਾਸ ਕਰੀਬ 6 ਕਿਲੋਮੀਟਰ ਲੰਬਾ ਤੇ 12 ਫੁੱਟ ਚੌੜਾ ਪਿੰਡ ਰਾਣਵਾਂ ਦੇ ਪੁਲ ਤੋਂ ਸ਼ੁਰੂ ਹੋ ਕੇ ਡਰੇਨ ਦੇ ਕੰਢੇ-ਕੰਢੇ ਆਦਮਪਾਲ ਵਿਖੇ ਪੁਲ 'ਤੇ ਜਾ ਕੇ ਸਮਾਪਤ ਹੋਵੇਗਾ |