ਸੰਗਰੂਰ, 27 ਫਰਵਰੀ (ਬਿੱਟਾ) - ਆਜ਼ਾਦ ਪੇਂਡੂ ਚੌਕੀਦਾਰ ਵੈੱਲਫੇਅਰ ਐਸੋਸੀਏਸ਼ਨ ਵਲੋਂ ਅੱਜ ਮੁੱਖ ਮੰਤਰੀ ਨਿਵਾਸ ਡਰੀਮ ਲੈਂਡ ਕਲੋਨੀ ਵਿਖੇ ਪ੍ਰਭਾਵਸ਼ਾਲੀ ਧਰਨਾ ਦਿੱਤਾ ਗਿਆ | ਚੌਕੀਦਾਰ ਸੰਗਰੂਰ ਪਟਿਆਲਾ ਫਲਾਈਓਵਰ ਹੇਠਾਂ ਤੜਕਸਾਰ ਤੋਂ ਇਕੱਤਰ ਹੋਣ ਸ਼ੁਰੂ ਹੋਏ ਜਿੱਥੇ ਬਾਅਦ ਦੁਪਹਿਰ ਮੁੱਖ ਮੰਤਰੀ ਨਿਵਾਸ ਵੱਲ ਵਧੇ ਪਰ ਵੱਡੀ ਗਿਣਤੀ ਵਿਚ ਤਾਇਨਾਤ ਪੁਲਿਸ ਨੇ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਮੁੱਖ ਮੰਤਰੀ ਨਿਵਾਸ ਤੋਂ ਕੁਝ ਦੂਰੀ ਉੱਤੇ ਰੋਕ ਲਿਆ | ਪੇਂਡੂ ਚੌਕੀਦਾਰ ਵੈੱਲਫੇਅਰ ਐਸੋਸੀਏਸ਼ਨ ਦੀ ਅਗਵਾਈ ਸੂਬਾ ਪ੍ਰਧਾਨ ਸਤਿਗੁਰ ਸਿੰਘ ਮਾਝੀ, ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ ਰੋਪੜ ਅਤੇ ਚਰਨ ਸਿੰਘ ਬੱਲਰੇ ਕਰ ਰਹੇ ਸਨ | ਆਪਣੀ ਮੰਗਾਂ ਸੰਬੰਧੀ ਚਰਚਾਂ ਕਰਦਿਆਂ ਸਤਿਗੁਰ ਸਿੰਘ ਮਾਝੀ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਵਲੋਂ ਅਧਿਕਾਰਤ ਤੌਰ ਉੱਤੇ ਨਿਯੁਕਤ ਕੀਤੇ ਚੌਕੀਦਾਰ ਹਨ ਜੋ ਕੇਵਲ 1500 ਰੁਪਏ ਮਿਹਨਤਾਨੇ ਦੇ ਤੌਰ ਉੱਤੇ 24 ਘੰਟੇ ਡਿਊਟੀ ਕਰ ਰਹੇ ਹਨ | ਉਨ੍ਹਾਂ ਮੰਗ ਕੀਤੀ ਕਿ ਸਰਕਾਰ ਉਨ੍ਹਾਂ ਨੂੰ ਘੱਟੋ-ਘੱਟ ਡੀ.ਸੀ. ਰੇਟ ਉੱਤੇ ਤਨਖ਼ਾਹ ਦੇਵੇ ਅਤੇ 8 ਘੰਟਿਆਂ ਤੋਂ ਵੱਧ ਡਿਊਟੀ ਦੇਣ ਉੱਤੇ ਓਵਰ ਟਾਈਮ ਦਿੱਤਾ ਜਾਵੇ | ਹਰ ਚੋਣ ਦੌਰਾਨ ਚੌਕੀਦਾਰ ਇਮਾਨਦਾਰੀ, ਤਨਦੇਹੀ ਨਾਲ ਸੇਵਾ ਨਿਭਾਉਂਦੇ ਹਨ ਪਰ ਚੋਣਾਂ ਦੌਰਾਨ ਭੱਤਾ ਨਹੀ ਦਿੱਤਾ ਜਾਂਦਾ ਹੈ | ਚੌਕੀਦਾਰ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਗੁਆਂਢੀ ਸੂਬਾ ਹਰਿਆਣਾ ਵਿਚ ਚੌਕੀਦਾਰਾਂ ਨੂੰ 11,000 ਰੁਪਏ ਪ੍ਰਤੀ ਮਹੀਨਾ ਤਨਖ਼ਾਹ, 4000 ਰੁਪਏ ਸਾਲਾਨਾ ਵਰਦੀ ਭੱਤਾ, 2500 ਰੁਪਏ ਡੰਡਾ ਬੈਟਰੀ ਭੱਤਾ ਆਦਿ ਤੋਂ ਇਲਾਵਾ ਸੇਵਾ ਮੁਕਤੀ ਉੱਤੇ 2 ਲੱਖ ਰੁਪਏ, ਸਿਹਤ ਬੀਮਾ 3 ਲੱਖ ਰੁਪਏ ਅਤੇ ਈ.ਪੀ. ਫ਼ੰਡ ਵੀ ਕੱਟਿਆ ਜਾਂਦਾ ਹੈ | ਆਗੂਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਚੌਕੀਦਾਰ ਵੈੱਲਫੇਅਰ ਬੋਰਡ ਨਿਯੁਕਤ ਕੀਤਾ ਜਾਵੇ ਜੋ ਚੌਕੀਦਾਰ ਦੇ ਹਿਤ ਲਈ ਲੋਕ ਭਲਾਈ ਸਕੀਮਾਂ ਨੂੰ ਲਾਗੂ ਕਰੇ | ਇਸ ਮੌਕੇ ਅਮਰਜੀਤ ਸਿੰਘ ਮਹਿਸਮਪੁਰ, ਸਤਪਾਲ ਸਿੰਘ, ਬਲਜੀਤ ਸਿੰਘ, ਪਾਲ ਸਿੰਘ, ਸੁਖਪ੍ਰੀਤ ਸਿੰਘ, ਰਾਮ ਸਿੰਘ ਹਰਦਿੱਤਪੁਰਾ, ਨਛੱਤਰ ਸਿੰਘ ਬਾਲੀਆ ਵੀ ਮੌਜੂਦ ਸਨ |