ਮਲੇਰਕੋਟਲਾ, 27 ਫਰਵਰੀ (ਮੁਹੰਮਦ ਹਨੀਫ਼ ਥਿੰਦ) - ਜ਼ਿਲ੍ਹਾ ਪੁਲਿਸ ਮਲੇਰਕੋਟਲਾ ਵਲੋਂ ਜ਼ਿਲ੍ਹੇ ਅੰਦਰ ਐਨ.ਡੀ.ਪੀ.ਐਸ. ਐਕਟ ਤਹਿਤ ਦਰਜ ਕੁੱਲ 21 ਮਾਮਲਿਆਂ ਦੇ ਮਾਲ ਦਾ ਨਿਪਟਾਰਾ ਡਰੱਗ ਡਿਸਪੋਜ਼ਲ ਕਮੇਟੀ ਵਲੋਂ ਕੀਤਾ ਗਿਆ | ਉਪਰੋਕਤ ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ ਗਗਨ ਅਜੀਤ ਸਿੰਘ ਨੇ ਦੱਸਿਆ ਕਿ ਨਾਭਾ ਪੇਪਰ ਮਿਲ ਵਿਖੇ 21 ਐਨ.ਡੀ.ਪੀ.ਐਸ. ਮਾਮਲਿਆਂ ਵਿਚ ਕਾਰਵਾਈ ਦੌਰਾਨ ਬਰਾਮਦ 161 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ, 339 ਗ੍ਰਾਮ ਹੈਰੋਇਨ, 2460 ਨਸ਼ੀਲੀਆਂ ਗੋਲੀਆਂ ਅਤੇ 1 ਕਿਲੋ 774 ਗ੍ਰਾਮ ਗਾਂਜਾ ਨਸ਼ਟ ਕੀਤਾ ਗਿਆ | ਇਸ ਮੌਕੇ ਐਸ.ਪੀ. (ਇੰਨਵੈਸਟੀਗੇਸ਼ਨ) ਸੱਤਪਾਲ ਸ਼ਰਮਾ ਅਤੇ ਡੀ.ਐਸ.ਪੀ. (ਐਨ.ਡੀ.ਪੀ.ਐਸ.) ਯਾਦਵਿੰਦਰ ਸਿੰਘ ਸਮੇਤ ਪੁਲਿਸ ਫੋਰਸ ਹਾਜ਼ਰ ਰਹੀ | ਉਨ੍ਹਾਂ ਦੱਸਿਆ ਕਿ ਨਸ਼ਾ ਵਿਰੋਧੀ ਮੁਹਿੰਮ ਤਹਿਤ ਜ਼ਿਲ੍ਹੇ ਵਿਚ ਸ਼ਹਿਰੀ ਅਤੇ ਪਿੰਡ ਪੱਧਰ 'ਤੇ ਲਗਾਤਾਰ ਕਾਰਡਨ ਐਂਡ ਸਰਚ ਓਪਰੇਸ਼ਨ ਚਲਾਏ ਜਾ ਰਹੇ ਹਨ | ਪੁਲਿਸ ਵਿਭਾਗ ਵਲੋਂ ਪੂਰੇ ਜ਼ਿਲ੍ਹੇ ਵਿਚ ਨਸ਼ਾ ਤਸਕਰੀ ਦੀ ਸਪਲਾਈ ਚੇਨ ਨੂੰ ਤੋੜਨ ਲਈ ਅੱਗੇ ਅਤੇ ਪਿੱਛੇ ਦੋਵੇਂ ਕੜੀਆਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਸਮਾਜ ਵਿਰੋਧੀ ਤੱਤਾਂ ਖ਼ਿਲਾਫ਼ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਗਈ ਹੈ ਅਤੇ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀ ਵਿਚ ਸ਼ਾਮਲ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ |